ਡੀਟੀਐੱਫ ਵੱਲੋਂ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਟਿਆਲਾ, 31 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ ਘਨੌਰ ਦੇ ਵਫ਼ਦ ਨੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਚੁਹਾਣਕੇ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਧਰਮਿੰਦਰ ਸਿੰਘ ਟਿਵਾਣਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜਥੇਬੰਦੀ ਨੇ ਅਧਿਆਪਕਾਂ ’ਤੇ ਜੁਲਾਈ-ਅਗਸਤ ਮਹੀਨੇ ਵਿਚ ਦਾਖਲਾ ਵਧਾਉਣ ਲਈ ਪਾਏ ਜਾ ਰਹੇ ਦਬਾਅ ਦਾ ਵਿਰੋਧ ਕੀਤਾ। ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਚੁਹਾਣਕੇ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਚਹਿਲ ਨੇ ਕਿਹਾ ਕਿ ਨਵੀਆਂ ਜਮਾਤਾਂ ਵਿਚ ਦਾਖਲਾ ਅਪਰੈਲ ਮਹੀਨੇ ਤੱਕ ਹੀ ਸੰਭਵ ਹੁੰਦਾ ਹੈ। ਅਪਰੈਲ ਦੇ ਅਖੀਰ ਤੱਕ ਵਿਦਿਆਰਥੀ ਆਪਣੇ ਪਸੰਦੀਦਾ ਸਕੂਲ ਵਿਚ ਦਾਖਲਾ ਲੈ ਲੈਂਦੇ ਹਨ, ਇਸ ਕਰਕੇ ਜੁਲਾਈ-ਅਗਸਤ ਮਹੀਨੇ ਵਿਚ ਨਵੇਂ ਦਾਖ਼ਲੇ ਦੀ ਉਮੀਦ ਕਰਨਾ ਤਰਕਹੀਣ ਅਤੇ ਅਰਥਹੀਣ ਹੈ। ਉਨ੍ਹਾਂ ਕਿਹਾ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਰਿਹਾ ਤਾਂ ਜਥੇਬੰਦੀ ਸੰਘਰਸ਼ ਦੇ ਰਾਹ ਤੁਰੇਗੀ। ਇਸ ਮੀਟਿੰਗ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਜਗਪਾਲ ਸਿੰਘ ਚਹਿਲ ਅਤੇ ਡੀਐੱਮਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਘੱਗਾ, ਬਲਾਕ ਮੀਤ ਪ੍ਰਧਾਨ ਬਿੰਦਰਾ ਰਾਣੀ, ਵਿੱਤ ਸਕੱਤਰ ਹਰਗੋਪਾਲ ਸਿੰਘ ਤੇ ਗੁਰਵਿੰਦਰ ਸਿੰਘ ਅਤੇ ਆਦਿ ਹਾਜ਼ਰ ਸਨ।