ਡੀਟੀਐੱਫ ਵੱਲੋਂ ਡੀਈਓ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਸਤੰਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪੱਧਰੀ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀਮਤੀ ਤਰਵਿੰਦਰ ਕੌਰ ਰਾਹੀਂ ਤਰੱਕੀ ਪ੍ਰਾਪਤ ਲੈਕਚਰਾਰ ਨੂੰ ਸਟੇਸ਼ਨ ਚੋਣ ਲਈ ਪੰਜਾਬ ਵਿੱਚ ਸਾਰੇ ਖਾਲੀ ਸਟੇਸ਼ਨ ਨਾ ਦਿਖਾ ਕੇ ਕੁਝ ਚੋਣਵੇਂ ਸਟੇਸ਼ਨ ਦਿਖਾਉਣ ਅਤੇ ਬਦਲੀਆਂ ਸਮੇਂ ਪਾਰਦਰਸ਼ਤਾ ਨਾ ਰੱਖਣ ’ਤੇ ਰੋਸ ਪ੍ਰਗਟ ਕਰਦਿਆਂ ‘ਵਿਰੋਧ ਪੱਤਰ’ ਸੌਂਪਿਆ ਗਿਆ। ਇਸ ਸਬੰਧੀ ਡੀਟੀਐੱਫ ਆਗੂਆਂ ਨੇ ਦੱਸਿਆ ਕਿ ਇਸ ਵਾਰ ਲੈਕਚਰਾਰ ਪ੍ਰਮੋਸ਼ਨ ਵਿੱਚ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਨਲਾਈਨ ਨਹੀਂ ਦਿਖਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਅਖੌਤੀ ਐਮੀਨੈਂਸ ਸਕੂਲ ਪ੍ਰਾਜੈਕਟ ਨੂੰ ਪਹਿਲ ਦਿੰਦਿਆਂ ਤਰੱਕੀ ਲੈਣ ਵਾਲੇ ਲੈਕਚਰਾਰਾਂ ਨੂੰ ਜਬਰੀ ਦੂਰ ਦੁਰਾਡੇ ਜਾਣ ਜਾਂ ਤਰੱਕੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਦਲਦੀਆਂ ਦਾ ਦੂਜਾ ਰਾਊਂਡ ਵੀ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ।