ਸ਼ਹਿਰ ਵਾਸੀਆਂ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 24 ਜੁਲਾਈ
ਖਣਨ ਮਾਫੀਆ ਦੇ ਓਵਰਲੋਡਿਡ ਵਾਹਨਾਂ ਤੋਂ ਪ੍ਰੇਸ਼ਾਨ ਇੱਥੋਂ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਦੀ ਅਗਵਾਈ ਹੇਠ ਐੱਸਡੀਐੱਮ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਮੰਗ ਪੱਤਰ ਦਿਤਾ ਗਿਆ। ਉਨ੍ਹਾਂ ਸ਼ਹਿਰ ਵਿੱਚੋਂ ਦਿਨ ਵੇਲੇ ਲੰਘਦੇ ਖਣਨ ਸਮੱਗਰੀ ਨਾਲ ਭਰੇ ਓਵਰਲੋਡਿਡ ਟਿੱਪਰਾਂ, ਟਰਾਲਿਆਂ ਆਦਿ ਦਾ ਲਾਂਘਾ ਬੰਦ ਕਰਨ ਦੀ ਮੰਗ ਕੀਤੀ ਹੈ। ਵਫ਼ਦ ਮੈਂਬਰਾਂ ਨੇ ਕਿਹਾ ਕਿ ਇਸ ਕਾਰਨ ਆਵਾਜਾਈ ਠੱਪ ਰਹਿੰਦੀ ਹੈ ਅਤੇ ਖਣਨ ਸਮੱਗਰੀ ਦੀ ਉਡਦੀ ਧੂੜ ਅਤੇ ਰਹਿੰਦ ਖੂੰਹਦ ਨਾਲ ਆਲੇ ਦੁਆਲੇ ਦੇ ਦੁਕਾਨਦਾਰ ਅਤੇ ਰਾਹਗੀਰ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ। ਇਸ ਮੌਕੇ ਐੱਸਡੀਐਮ ਨੇ ਵਿਸ਼ਵਾਸ ਦਿਵਾਇਆ ਕਿ ਇਸ ਕਾਰਵਾਈ ਹਿੱਤ ਸਬੰਧਤ ਵਿਭਾਗ ਨੂੰ ਲਿਖਤੀ ਪੱਤਰ ਭੇਜਿਆ ਜਾਵੇਗਾ ਅਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਰਿੰਦਰ ਬਾਵਾ, ਜਸਵੀਰ ਸਿੰਘ ਪਨਾਮ, ਰਵੀ ਮਹਿਤਾ, ਹਰਨੇਕ ਸਿੰਘ ਬੰਗਾ, ਅਨੂਪ ਸਿੰਘ ਭੱਦਰੂ, ਕਰਪੂਲ ਸਿੰਘ ਅਨੰਦ ,ਧਰਮਜੀਤ ਸਿੰਘ ਦੂਆ , ਈਸ਼ਵਰ ਸਿੰਘ ਸਾਬਕਾ ਸਰਪੰਚ ਫਤਿਹਪੁਰ ਕਲਾਂ ਸ਼ਾਮਲ ਸਨ।
ਕੰਢੀ ਸੰਘਰਸ਼ ਕਮੇਟੀ ਅਤੇ ਕਿਸਾਨਾਂ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਕੰਢੀ ਨਹਿਰ ਦਾ ਪਾਣੀ ਸਿੰਜਾਈ ਦੀ ਥਾਂ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਦੇਣ ਦੀ ਥਾਂ ਕਿਸਾਨਾਂ ਨੂੰ ਦੇਣ ਅਤੇ ਨਹਿਰ ਦੀ ਟੁੱਟ ਭੱਜ ਦੀ ਮੁਰੰਮਤ ਕਰਨ ਦੀ ਮੰਗ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਅਤੇ ਕਿਸਾਨ ਆਗੂਆਂ ਦਾ ਵਫਦ ਅੱਜ ਐਸਡੀਐਮ ਗੜ੍ਹਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਮਿਲਿਆ। ਇਸ ਮੌਕੇ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਦੇ ਨੀਮ ਪਹਾੜੀ ਖੇਤਰ ਦੇ ਕਿਸਾਨਾਂ ਨੂੰ ਕੰਢੀ ਨਹਿਰ ਦਾ ਕੋਈ ਲਾਭ ਨਹੀਂ ਮਿਲ ਰਿਹਾ ਕਿਉਂਕਿ ਵਿਭਾਗ ਵੱਲੋਂ ਇਸ ਨਹਿਰ ਦਾ ਪਾਣੀ ਤਹਿਸੀਲ ਦੇ ਕਸਬਾ ਸੈਲਾ ਖੁਰਦ ਵਿੱਚ ਸਥਿਤ ਕੁਆਂਟਮ ਕਾਗਜ਼ ਮਿਲ ਨੂੰ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਘਾਟ ਕਾਰਨ ਸੁੱਕ ਗਈਆਂ ਹਨ। ਉਨ੍ਹਾਂ ਕਿਹਾ ਕਿ ਲਗਪਗ ਤਿੰਨ ਦਹਾਕਿਆਂ ਤੋਂ ਕੰਢੀ ਨਹਿਰ ਵੱਖ-ਵੱਖ ਸਰਕਾਰਾਂ ਦੀ ਅਣਦੇਖੀ ਦੀ ਸ਼ਿਕਾਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਨਹਿਰ ਦਾ ਸਮੁੱਚਾ ਪਾਣੀ ਹਲਕੇ ਦੇ ਕਿਸਾਨਾਂ ਨੂੰ ਦਿੱਤਾ ਜਾਵੇ, ਟੁੱਟੇ ਖਾਲ, ਸਾਈਫਨ ਅਤੇ ਆਡਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਨਹਿਰ ਦੇ ਪਾਣੀ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪੱਕੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ। ਇਸ ਮੌਕੇ ਐਸਡੀਐਮ ਗੜ੍ਹਸ਼ੰਕਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਪਾਸੇ ਤੁਰੰਤ ਕਾਰਵਾਈ ਲਈ ਨਿਰਦੇਸ਼ ਦੇਣਗੇ ।