ਭਾਕਿਯੂ (ਰਾਜੇਵਾਲ) ਵੱਲੋਂ ਅਹਿਮ ਮੁੱਦਿਆਂ ਬਾਰੇ ਡੀਸੀ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਸਮੇਤ ਕਈ ਅਹਿਮ ਮੁੱਦਿਆਂ ਬਾਰੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰਮੀ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਮੀਡੀਆ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਗੈਰ-ਹਾਜ਼ਰੀ ਵਿੱਚ ਏਡੀਸੀ ਮੇਜਰ ਅਮਿਤ ਸਰੀਨ ਵੱਲੋਂ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਏਡੀਸੀ ਨਾਲ ਸੁਖਾਵੇਂ ਮਾਹੌਲ ਵਿੱਚ ਕਿਸਾਨੀ ਸਮੱਸਿਆਵਾਂ ਹੱਲ ਕਰਨ ਲਈ ਚਰਚਾ ਕੀਤੀ ਗਈ। ਸ੍ਰੀ ਭੱਟੀਆਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਸਬੰਧੀ ਮਾਮਲਾ ਚੁੱਕਿਆ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਸ਼ੈਲਰ ਮਾਲਕਾਂ ਨਾਲ ਮੀਟਿੰਗ ਸੱਦ ਲਈ ਗਈ ਹੈ, ਜਿਸ ਵਿੱਚ ਖ੍ਰੀਦ ਸਬੰਧੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।ਮੰਗ ਪੱਤਰ ’ਚ ਪਰਾਲ਼ੀ ਦੇ ਪ੍ਰਬੰਧਨ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਵੀ ਕੀਤੀ ਗਈ। ਮੌਕੇ ਕੁਲਵਿੰਦਰ ਸਿੰਘ ਪੂਰਬਾ, ਕਰਮਜੀਤ ਸਿੰਘ, ਬਲਵੰਤ ਸਿੰਘ ਰਾਜੇਵਾਲ, ਗੁਰਦਰਸ਼ਨ ਸਿੰਘ ਧਮੋਟ ਤੋਂ ਇਲਾਵਾ ਕਿਸਾਨ ਵਰਕਰ ਹਾਜ਼ਰ ਸਨ।
ਡੀਏਪੀ ਖਾਦ ਦੀ ਸਪਲਾਈ ਦਾ ਭਰੋਸਾ ਦਿਵਾਇਆ
ਡੀਏਪੀ ਖਾਦ ਦੀ ਸਪਲਾਈ ਸਬੰਧੀ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਬਿਜਾਈ ਸਬੰਧੀ ਖਾਦ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਡੀਏਪੀ ਖਾਦ ਨਾਲ ਕੁੱਝ ਦੁਕਾਨਦਾਰ ਬੇਲੋੜੀ ਸਮੱਗਰੀ ਧੱਕੇ ਨਾਲ ਦਿੰਦੇ ਹਨ ਤਾਂ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇ ਕੋਈ ਵਾਧੂ ਸਾਮਾਨ ਜਾਂ ਨੈਨੋ ਯੂਰੀਆ ਧੱਕੇ ਨਾਲ ਦਿੰਦਾ ਮਿਲਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਲੂ ਕਾਸ਼ਤਕਾਰਾਂ ਲਈ ਖ਼ਾਦ ਦੀ ਵਾਧੂ ਸਪਲਾਈ ਭੇਜਣ ਦਾ ਭਰੋਸਾ ਵੀ ਦਿੱਤਾ ਗਿਆ।