ਆਂਗਣਵਾੜੀ ਵਰਕਰਾਂ ਵੱਲੋਂ ਸੀਡੀਪੀਓ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਾਤੜਾਂ, 5 ਜੂਨ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈਸ਼ਨ ਦੇ ਸੱਦੇ ‘ਤੇ ਸੈਂਟਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਤੇ ਸੀਡੀਪੀਓ ਪਾਤੜਾਂ ਰਾਹੀ ਮੰਗ ਪੱਤਰ ਕੇਂਦਰ ਤੇ ਪੰਜਾਬ ਸਰਕਾਰ ਨਾਮ ਦਿੱਤਾ ਗਿਆ। ਜਥੇਬੰਦੀ ਦੇ ਸੂਬਾਈ ਵਿਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਲੰਬੇ ਸਮੇਂ ਤੋ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਹੋਇਆ ਹੈ । ਬੱਚਿਆਂ ਲਈ ਪ੍ਰੀ-ਸਕੂਲ ਕਿੱਟਾਂ ਤੇ ਮੈਡੀਕਲ ਕਿੱਟਾਂ ਨਹੀਂ ਖ਼ਰੀਦੀਆਂ ਗਈਆਂ, ਦਰੀਆਂ ਤੇ ਬਰਤਨ ਸੈਂਟਰਾਂ ਨੂੰ ਪ੍ਰਾਪਤ ਨਹੀਂ ਹੋਏ ਪੋਸ਼ਣ ਟਰੈਕ ਅਤੇ ਆਧਾਰ ਦੇ ਨਾਮ ਤੇ ਲਗਾਤਾਰ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਉੱਤੇ ਕਟੌਤੀ ਦੇ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਲਗਾਤਾਰ ਆਂਗਣਵਾੜੀ ਵਰਕਰਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਗਿਆ। ਪਿਛਲੇ ਦੋ ਸਾਲਾਂ ਕਿਰਾਇਆ ਨਾ ਦੇਣ ਕਾਰਨ ਮਕਾਨ ਮਾਲਕਾਂ ਵੱਲੋਂ ਸੈਂਟਰ ਖਾਲੀ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਟਕਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਖ਼ਿਲਾਫ਼ 10 ਜੁਲਾਈ ਨੂੰ ਮੰਗ ਦਿਵਸ ਬਲੈਕ ਡੇਅ ਵਜੋਂ ਦੇਸ਼ ਭਰ ਵਿੱਚ ਮਨਾਇਆ ਜਾਵੇਗਾ।