ਹੜ੍ਹ ਕਾਰਨ ਨਦੀ ਦੇ ਨੁਕਸਾਨੇ ਪੁਲ ਦੀ ਮੁਰੰਮਤ ਲਈ ਮੰਗ ਪੱਤਰ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 27 ਜੁਲਾਈ
ਨਰਾਇਣਗੜ੍ਹ ਦੇ ਇਤਿਹਾਸਕ ਗੁਰਦੁਆਰਾ ਟੋਕਾ ਸਾਹਿਬ ਅਤੇ ਨੇੜਲੇ ਪਿੰਡਾਂ ਨੂੰ ਉਦਯੋਗਿਕ ਖੇਤਰ ਕਾਲਾ ਅੰਬ ਨਾਲ ਜੋੜਨ ਵਾਲੇ ਅਰੁਣ ਨਦੀ ਦੇ ਪੁਲ ਹੜ੍ਹ ਕਾਰਨ ਨੁਕਸਾਨਿਆ ਗਿਆ ਹੈ। ਜਿਸ ਦੀ ਮੁਰੰਮਤ ਲਈ ਗੁਰਦੁਆਰਾ ਟੋਕਾ ਸਾਹਿਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਅਤੇ ਇਲਾਕੇ ਦੀ ਸੰਗਤ ਨੇ ਮਹਿੰਦਰ ਸਿੰਘ ਅਤੇ ਐਡਵੋਕੇਟ ਸਰਬਜੀਤ ਸਿੰਘ ਦੀ ਅਗਵਾਈ ‘ਚ ਨਾਰਾਇਨਗੜ੍ਹ ਦੀ ਐੱਸਡੀਐੱਮ ਨਾਲ ਮੁਲਾਕਾਤ ਕੀਤੀ ਤੇ ਇਕ ਮੰਗ ਪੱਤਰ ਸੌਂਪਿਆ। ਐਡਵੋਕੇਟ ਸਰਵਜੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਐੱਸ.ਡੀ.ਐੱਮ ਨੂੰ ਦੱਸਿਆ ਕਿ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਪੈਸੇ ਇਕੱਠੇ ਕਰਕੇ ਕਈ ਸਾਲ ਪਹਿਲਾਂ ਅਰੁਣ ਨਦੀ ‘ਤੇ ਪੁਲ ਬਣਵਾਇਆ ਗਿਆ ਸੀ। ਹੁਣ ਨਦੀ ਵਿੱਚ ਆਏ ਤੇਜ਼ ਪਾਣੀ ਨਾਲ ਇਸ ਦੀਆਂ ਕੰਧਾਂ ਪਾਣੀ ਵਿੱਚ ਰੁੜ੍ਹਨ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਪੁਲ ਦੇ ਪਿੱਲਰ ਵੀ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲ ਕਿਸੇ ਸਮੇਂ ਡਿੱਗ ਸਕਦਾ ਹੈ ਇਸ ਲਈ ਪੁਲ ਦੀ ਮੁਰੰਮਤ ਛੇਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲ ਟੁੱਟਣ ਕਾਰਨ ਹਰਿਆਣਾ, ਹਿਮਾਚਲ ਅਤੇ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਸਮੇਤ ਹੋਰਨਾਂ ਪਿੰਡਾਂ ਦਾ ਸੰਪਰਕ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਅਤੇ ਨਦੀ ਵਿੱਚ ਆਏ ਹੜ੍ਹ ਕਾਰਨ ਟੋਕਾ ਸਾਹਿਬ ਅਤੇ ਹੋਰ ਇਲਾਕਿਆਂ ਨੂੰ ਜੋੜਨ ਵਾਲੇ ਪੁਲ ਦੇ ਨਾਲ ਬਣੀ ਸੜਕ ਵੀ ਰੁੜ੍ਹ ਗਈ ਸੀ ਅਤੇ ਨਰਾਇਣਗੜ੍ਹ ਤੋਂ ਟੋਕਾ ਸਾਹਿਬ ਅਤੇ ਉਦਯੋਗਿਕ ਖੇਤਰ ਕਾਲਾ ਅੰਬ ਨੂੰ ਜੋੜਨ ਵਾਲੀ ਸੜਕ ਵੀ ਬੰਦ ਹੋ ਗਈ ਸੀ। ਉਨ੍ਹਾਂ ਨਰਾਇਣਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮਹਿੰਦਰ ਸਿੰਘ, ਸਰਵਜੀਤ ਸਿੰਘ, ਗੁਰਜੰਟ ਸਿੰਘ, ਭਗਤ ਸਿੰਘ, ਕੁਲਦੀਪ ਸਿੰਘ ਜੰਗੂ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।