For the best experience, open
https://m.punjabitribuneonline.com
on your mobile browser.
Advertisement

ਵਪਾਰ ਮੰਡਲ ਵੱਲੋਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਵਪਾਰੀਆਂ ਦੇ ਮੁੱਦੇ ਸ਼ਾਮਲ ਕਰਨ ਦੀ ਮੰਗ

11:27 AM Apr 21, 2024 IST
ਵਪਾਰ ਮੰਡਲ ਵੱਲੋਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਵਪਾਰੀਆਂ ਦੇ ਮੁੱਦੇ ਸ਼ਾਮਲ ਕਰਨ ਦੀ ਮੰਗ
ਭਾਜਪਾ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਪਾਰਟੀ ਉਮੀਦਵਾਰ ਸੰਜੈ ਟੰਡਨ ਨੂੰ ਮੰਗ ਪੱਤਰ ਸੌਂਪਦਾ ਹੋਇਆ ਵਪਾਰ ਮੰਡਲ ਦਾ ਵਫ਼ਦ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਅਪਰੈਲ
ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਨੇ ਸ਼ਹਿਰ ਦੇ ਵਪਾਰੀਆਂ ਦੇ ਮੁੱਦਿਆਂ ਸਮੇਤ ਸ਼ਹਿਰ ਵਿੱਚ ਵਪਾਰ ਨੂੰ ਪ੍ਰਫੁਲਤ ਕਰਨ ਲਈ ਉਪਰਾਲਿਆਂ ਅਤੇ ਸ਼ਹਿਰ ਦੀਆਂ ਮਾਰਕੀਟਾਂ ਨੂੰ ਅਪਗ੍ਰੇਡ ਕਰਨ ਸਮੇਤ ਹੋਰ ਮੁੱਦਿਆਂ ਨੂੰ ਭਾਜਪਾ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਸ਼ਹਿਰ ਲਈ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਪਾਰ ਮੰਡਲ ਦਾ ਵਫ਼ਦ ਸੂਬਾ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਲੋਕ ਸਭਾ ਚੋਣਾਂ ਲਈ ਭਾਜਪਾ ਉਮੀਦਵਾਰ ਸੰਜੈ ਟੰਡਨ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਵਪਾਰੀਆਂ ਅਤੇ ਬਾਜ਼ਾਰਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਸੀਬੀਐੱਮ ਦੇ ਪ੍ਰਧਾਨ ਚਿਰੰਜੀਵ ਸਿੰਘ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਪਾਰਟੀ ਦੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਸੰਜੈ ਟੰਡਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੇ ਮੁੱਦਿਆਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨਗੇ ਅਤੇ ਅਗਲੇ ਕਾਰਜਕਾਲ ਵਿੱਚ ਵੱਧ ਤੋਂ ਵੱਧ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਸੀਬੀਐਮ ਦੇ ਸਰਪ੍ਰਸਤ ਕਮ ਅਧਿਕਾਰਤ ਬੁਲਾਰੇ ਦਿਵਾਕਰ ਸਹੂਜਾ ਨੇ ਦੱਸਿਆ ਕਿ ਵਫ਼ਦ ਵਿੱਚ ਪਰਸ਼ੋਤਮ ਮਹਾਜਨ, ਅਨਿਲ ਵੋਹਰਾ, ਸੁਭਾਸ਼ ਨਾਰੰਗ, ਭੁਪਿੰਦਰ ਨਾਰਦ, ਰਾਜਨ ਮਹਾਜਨ, ਰਵਿੰਦਰ ਸਿੰਘ ਬਿੱਲਾ, ਬਲਜਿੰਦਰ ਸਿੰਘ ਗੁਜਰਾਲ, ਰਾਧੇ ਲਾਲ, ਮੋਹਿਤ ਸੂਦ, ਵਿਨੋਦ ਜੋਸ਼ੀ, ਹਰਜੀਤ ਸਿੰਘ, ਅਵਨੀਸ਼ ਬੰਸਲ ਅਤੇ ਹੋਰ ਮੈਂਬਰ ਸ਼ਾਮਲ ਸਨ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਉਮੀਦਵਾਰ ਸੰਜੈ ਟੰਡਨ ਨੇ ਕਿਹਾ ਕਿ ਭਾਜਪਾ ਦਾ ਵਿਕਾਸ ਦਾ ਦੋਹਰਾ ਇੰਜਣ ਸਿਟੀ ਬਿਊਟੀਫੁੱਲ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਵੇਗਾ। ਸ਼ਹਿਰ ਵਾਸੀਆਂ ਨੇ ਸਮਝ ਲਿਆ ਹੈ ਕਿ ਵਿਕਾਸ ਦਾ ਦੋਹਰਾ ਇੰਜਣ ਸਿਰਫ਼ ਭਾਜਪਾ ਹੀ ਪ੍ਰਦਾਨ ਕਰ ਸਕਦੀ ਹੈ, ਕਿਉਂਕਿ ਕਾਂਗਰਸ-ਆਪ ਗਠਜੋੜ ਸਿਰਫ਼ ਭ੍ਰਿਸ਼ਟਾਚਾਰ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ 10 ਸਾਲਾਂ ਵਿੱਚ ਜੋ ਬੇਮਿਸਾਲ ਵਿਕਾਸ ਹੋਇਆ ਹੈ, ਉਹ ਲੋਕਾਂ ਦੇ ਸਾਹਮਣੇ ਹੈ। ਇੱਕ ਪਾਸੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ‘ਆਪ’ ਆਹਮੋ-ਸਾਹਮਣੇ ਹਨ, ਜਦ ਕਿ ਦੂਜੇ ਪਾਸੇ ਚੰਡੀਗੜ੍ਹ ਵਿੱਚ ਦੋਵਾਂ ਨੇ ਮੌਕਾਪ੍ਰਸਤੀ ਦਿਖਾਉਂਦੇ ਹੋਏ ਇੱਕ ਦੂਜੇ ਨਾਲ ਹੱਥ ਮਿਲਾਇਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਸੂਝਵਾਨ ਤੇ ਸਮਝਦਾਰ ਲੋਕ ਭਲੀਭਾਂਤ ਜਾਣਦੇ ਹਨ, ਕਿ ਇਸ ਗਠਜੋੜ ਦਾ ਕੋਈ ਭਵਿੱਖ ਨਹੀਂ ਹੈ। ਸੰਜੈ ਟੰਡਨ ਨੇ ਸ਼ਹਿਰ ਵਾਸੀਆਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦਾ ਸੱਦਾ ਦਿੱਤਾ ਹੈ।

Advertisement

ਮਿਥਿਲਾ ਆਟੋ ਯੂਨੀਅਨ ਵੱਲੋਂ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮਿਥਿਲਾ ਆਟੋ ਯੂਨੀਅਨ, ਸੈਕਟਰ 43 ਚੰਡੀਗੜ੍ਹ ਨੇ ਲੋਕ ਸਭਾ ਚੋਣਾਂ ਦੇ ਚਲਦਿਆਂ ਭਾਜਪਾ ਉਮੀਦਵਾਰ ਸੰਜੈ ਟੰਡਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਸੈਕਟਰ 33 ਵਿਖੇ ਸਥਿਤ ਭਾਜਪਾ ਦਫ਼ਤਰ ‘ਕਮਲਮ’ ਵਿੱਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਸੰਜੈ ਟੰਡਨ ਨੇ ਕਿਹਾ ਕਿ ਮੋਦੀ ਸਰਕਾਰ ਗਰੀਬ ਪੱਖੀ ਹੈ ਅਤੇ ਇਸ ਨੇ ਗਰੀਬ ਲੋਕਾਂ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਬੀ-ਪੀ.ਐੱਮ.ਜੇ.ਏ.ਵਾਈ.), ਜਨ ਧਨ ਯੋਜਨਾ, ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਅਨੇਕਾਂ ਸਕੀਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਰਵੇਖਣ ਦੱਸਦੇ ਹਨ ਕਿ ਭਾਜਪਾ ਨੂੰ ਘੱਟੋ-ਘੱਟ 370 ਸੀਟਾਂ ਮਿਲ ਰਹੀਆਂ ਹਨ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਹਮੇਸ਼ਾ ਲਈ ਦਰਕਿਨਾਰ ਕਰ ਦਿੱਤਾ ਹੈ। ਯੂਨੀਅਨ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ ਅਤੇ ਸੈਕਟਰ 43 ਦੇ ਬੱਸ ਸਟੈਂਡ ’ਤੇ ਆਟੋ ਚਾਲਕਾਂ ਲਈ ਆਪਣੇ ਵਾਹਨ ਪਾਰਕ ਕਰਨ ਲਈ ਇੱਕ ਨਿਰਧਾਰਤ ਜਗ੍ਹਾ ਮੁਹੱਈਆ ਕਰਾਉਣ ਦੀ ਮੰਗ ਕੀਤੀ। ਇਸ ਦੇ ਨਾਲ ਆਟੋ ਸਟੇਸ਼ਨ ਮੁਹੱਈਆ ਕਰਾਉਣ ਅਤੇ ਬੱਸ ਅੱਡੇ ਵਿੱਚ ਯੂਨੀਅਨ ਮੈਂਬਰਾਂ ਲਈ ਪਖਾਨੇ ਬਣਾਏ ਜਾਣ ਦੀ ਮੰਗ ਕੀਤੀ। ਸੰਜੈ ਟੰਡਨ ਨੇ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ਨੂੰ ਦੇਖਦੇ ਹੋਏ, ਆਏ ਹੋਏ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਭਰੋਸੇ ’ਤੇ ਯੂਨੀਅਨ ਦੇ ਪ੍ਰਧਾਨ ਤ੍ਰਿਗੁਣ ਪਾਸਵਾਨ ਨੇ ਕਿਹਾ ਕਿ ਭਾਜਪਾ ਨੇ ਪੂਰਵਾਂਚਲ ਦੇ ਲੋਕਾਂ ਲਈ ਜੋ ਕੰਮ ਕੀਤੇ ਹਨ, ਅੱਜ ਤੱਕ ਉਹ ਹੋਰ ਸਰਕਾਰ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸੰਜੇ ਟੰਡਨ ਜਿੱਤ ਤੋਂ ਬਾਅਦ ਵੀ ਗਰੀਬਾਂ ਦੀ ਮਦਦ ਕਰਦੇ ਰਹਿਣਗੇ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਮਵੀਰ ਭੱਟੀ, ਸ਼ਸ਼ੀ ਸ਼ੰਕਰ ਤਿਵਾੜੀ, ਭਾਜਪਾ ਪੂਰਵਾਂਚਲ ਪ੍ਰਧਾਨ ਪੱਪੂ ਸ਼ੁਕਲਾ ਵੀ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×