ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਦੀ ਮੰਗ
ਅਸ਼ੋਕ ਸ਼ਰਮਾ
ਅਜਨਾਲਾ, 24 ਜੁਲਾਈ
ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ’ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਧੰਨਵੰਤ ਸਿੰਘ ਖਤਰਾਏ ਕਲ੍ਹਾਂ ਦੀ ਅਗਵਾਈ ’ਚ ਅਜਨਾਲਾ ਨੇੜਲੇ ਪਿੰਡ ਲੱਖੂਵਾਲ ਵਿੱਚ ਕਿਸਾਨਾਂ ਦੀ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਧੰਨਵੰਤ ਸਿੰਘ ਨੇ ਜਿਥੇ ਕੇਂਦਰ ਸਰਕਾਰ ਪਾਸੋਂ ਕਿਸਾਨ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ, ਉੱਥੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਡੇ ਉਦਯੋਗਿਕ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਉਦੇਸ਼ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਘਾਟੇ ’ਚ ਜਾ ਰਹੀ ਕਿਸਾਨੀ ਨੂੰ ਉੱਪਰ ਚੁੱਕਣ ਲਈ ਕੋਈ ਠੋਸ ਨੀਤੀ ਨਹੀਂ ਲਿਆਂਦੀ ਜਾ ਰਹੀ। ਇਸ ਮੌਕੇ ਯੂਨੀਅਨ ਵੱਲੋਂ ਪਿੰਡ ਲੱਖੂਵਾਲ ਦੀ ਕਿਸਾਨ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ’ਚ ਜਸਪ੍ਰੀਤ ਸਿੰਘ ਨੂੰ ਪ੍ਰਧਾਨ, ਅੰਗਰੇਜ਼ ਸਿੰਘ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਨੂੰ ਸਕੱਤਰ, ਕਾਰਜ ਸਿੰਘ ਨੂੰ ਮੀਤ ਸਕੱਤਰ ਅਤੇ ਗੁਰਬੀਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ, ਜਨਿ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਖਤਰਾਏ ਕਲ੍ਹਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਦੌਰਾਨ ਏਰੀਆ ਪ੍ਰਧਾਨ ਸੁਖਦੇਵ ਸਿੰਘ ਡੱਬਰ, ਜਗਤਾਰ ਸਿੰਘ, ਇੰਦਰਜੀਤ ਸਿੰਘ, ਜਗਰੂਪ ਸਿੰਘ, ਕੁਲਬੀਰ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਸ਼ਰਨਜੀਤ ਸਿੰਘ, ਲਾਟੀ ਮਸੀਹ, ਪ੍ਰਮਜੀਤ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ, ਸੁੱਚਾ ਸਿੰਘ ਤੇੜ੍ਹਾ ਵੀ ਹਾਜ਼ਰ ਹੋਏ।