ਪਟਾਕਿਆਂ ਬਾਰੇ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ
ਪੱਤਰ ਪ੍ਰੇਰਕ
ਸ਼ੇਰਪੁਰ, 24 ਅਕਤੂਬਰ
ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕਾਰਕੁਨਾਂ ਨੇ ਪ੍ਰਧਾਨ ਸੰਦੀਪ ਸਿੰਘ ਤੇ ਕਾਮਰੇਡ ਹਰਗੋਬਿੰਦ ਦੀ ਸਾਂਝੀ ਅਗਵਾਈ ਹੇਠ ਸ਼ੇਰਪੁਰ ਦੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਸਬੰਧੀ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਅਜਿਹਾ ਨਾ ਹੋਣ ’ਤੇ ਵਾਤਾਵਰਨ ਪ੍ਰੇਮੀ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਵਫ਼ਦ ਵਿੱਚ ਸ਼ਾਮਲ ਸੰਸਥਾ ਦੇ ਪ੍ਰਧਾਨ ਸੰਦੀਪ ਸਿੰਘ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਈਸ਼ਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਹਰਗੋਬਿੰਦ ਸ਼ੇਰਪੁਰ, ਮਾ. ਮਹਿੰਦਰ ਪ੍ਰਤਾਪ ਅਤੇ ਸਾਬਕਾ ਸਮਿਤੀ ਮੈਂਬਰ ਬਲਦੇਵ ਸਿੰਘ ਘਨੌਰੀ ਖੁਰਦ ਨੇ ਤਹਿਸੀਲਦਾਰ ਨੂੰ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਸੰਸਥਾ ਨੇ ਵਾਤਾਵਰਨ ਨੂੰ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਰਬਉੱਚ ਅਦਾਲਤ ਤੇ ਪ੍ਰਸ਼ਾਸਨ ਦੇ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਸਬੰਧੀ ਨਿਰਦੇਸ਼ ਲਾਗੂ ਕਰਨ ਲਈ ਨਿਰਧਾਰਤ ਕੀਤੀ ਜਗ੍ਹਾ ਵਿੱਚ ਬਾਕਾਇਦਾ ਲਾਇਸੈਂਸਸ਼ੁਦਾ ਵਿਅਕਤੀ ਵੱਲੋਂ ਹੀ ਪਟਾਕੇ ਵੇਚਣਾ ਯਕੀਨੀ ਬਣਾਉਣ ਦੀ ਮੰਗ ਕੀਤੀ।