ਮਨੀਪੁਰ ਘਟਨਾਵਾਂ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 30 ਜੁਲਾਈ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਮਨੀਪੁਰ ਦੀਆਂ ਘਟਨਾਵਾਂ ਦੇ ਕਥਿਤ ਦੋਸ਼ੀਆਂ ’ਤੇ ਕਾਰਵਾਈ ਅਤੇ ਮਨੀਪੁਰ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਯੂਨਿਟ ਗੜ੍ਹਸ਼ੰਕਰ ਵੱਲੋਂ ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ ਗੋਗੋਂ ਤੇ ਸ਼ਰਮੀਲਾ ਰਾਣੀ ਦੀ ਅਗਵਾਈ ਹੇਠ ਰੈਲੀ ਕਰਨ ਉਪਰੰਤ ਰੋਸ ਮਾਰਚ ਕੱਢ ਕੇ ਕੇਂਦਰ ਤੇ ਮਨੀਪੁਰ ਸਰਕਾਰਾਂ ਦਾ ਪੁਤਲਾ ਫੂਕਿਆ। ਤਹਿਸੀਲਦਾਰ ਤਪਨ ਭਨੋਟ ਨੇ ਰੈਲੀ ਵਿੱਚ ਪੁੱਜ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਸ਼ਾਮ ਸੁੰਦਰ ਕਪੂਰ, ਪ੍ਰਿੰਸੀਪਲ ਜਗਦੀਸ਼ ਰਾਏ, ਮਾਸਟਰ ਬਲਵੰਤ ਰਾਮ, ਜੀਤ ਸਿੰਘ ਬਗਵਾਈ ਤੇ ਕੇਵਲ ਕ੍ਰਿਸ਼ਨ ਨੇ ਵਿਚਾਰ ਰੱਖੇ।
ਤਲਵਾੜਾ (ਪੱਤਰ ਪ੍ਰੇਰਕ): ਮਨੀਪੁਰ ਹਿੰਸਾ ਅਤੇ ਔਰਤਾਂ ਨਾਲ ਬਦਸਲੂਕੀ ਦੇ ਵਿਰੋਧ ’ਚ ਹਾਜੀਪੁਰ ਵਿੱਚ ਮਨਰੇਗਾ ਵਰਕਰਾਂ ਅਤੇ ਤਲਵਾੜਾ ’ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਮੁਜ਼ਾਹਰੇ ਕੀਤੇ ਗਏ। ਮਨਰੇਗਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਅਤੇ ਬਲਾਕ ਹਾਜੀਪੁਰ ਪ੍ਰਧਾਨ ਬਲਵਿੰਦਰ ਕੌਰ ਨੇ ਮਨੀਪੁਰ ’ਚ ਘੱਟ ਗਿਣਤੀ ਔਰਤਾਂ ’ਤੇ ਕੀਤੇ ਜਾ ਰਹੇ ਅੱਤਿਆਚਾਰ ਅਤੇ ਜਿਨਸੀ ਸ਼ੋਸ਼ਣ ਦੀ ਨਿਖੇਧੀ ਕੀਤੀ। ਜੇਪੀਐੱਮਓ ਵੱਲੋਂ ਗਿਆਨ ਸਿੰਘ ਗੁਪਤਾ, ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਜਸਵੀਰ ਤਲਵਾੜਾ, ਸ਼ਿਵ ਕੁਮਾਰ ਅਮਰੋਹੀ, ਧਰਮਿੰਦਰ ਸਿੰਘ ‘ਸਿੰਬਲੀ’ ਅਤੇ ਬਸਪਾ ਆਗੂ ਅਮਨਦੀਪ ਹੈਪੀ ਨੇ ਸੰਬੋਧਨ ਕੀਤਾ। ਇਸ ਉਪਰੰਤ ਮਹਾਰਾਣਾ ਪ੍ਰਤਾਪ ਚੌਕ ’ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਸੀਪੀਆਈ, ਆਰਐੱਮਪੀਆਈ ਅਤੇ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਮਨੀਪੁਰ ਦੀਆਂ ਘਟਨਾਵਾਂ ਖਿਲਾਫ਼ ਮੁਜ਼ਾਹਰਾ ਕਰ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਵੱਖ-ਵੱਖ ਆਗੂਆਂ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖ ਕੇ ਦੇਸ਼ ਦੋਖੀ ਤਾਕਤਾਂ ਨੂੰ ਪਛਾੜਨ ਦਾ ਸੱਦਾ ਦਿਤਾ। ਇਸ ਮੌਕੇ ਸੰਦੀਪ ਅਰੋੜਾ, ਵਰਿੰਦਰ ਪਾਲ ਸਿੰਘ ਕਾਲਾ, ਗਿਆਨ ਸਿੰਘ ਸੈਦਪੁਰੀ, ਤਾਰਾ ਸਿੰਘ ਥੰਮੂਵਾਲ ਅਤੇ ਸਰਵਣ ਕੁਮਾਰ ਬਿੱਲਾ ਨੇ ਸੰਬੋਧਨ ਕੀਤਾ। ਮੁਜ਼ਾਹਰੇ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।