ਵੱਖਰੇ ਖੇਤੀ ਬਜਟ ਅਤੇ ਜਿਣਸਾਂ ਦੇ ਲਾਹੇਵੰਦ ਭਾਅ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 19 ਜੁਲਾਈ
ਸਮੇਂ ਸਮੇਂ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਗ਼ਲਤ ਖੇਤੀ ਨੀਤੀਆਂ ਕਾਰਨ ਹੀ ਸਮੁੱਚੇ ਦੇਸ਼ ਅੰਦਰ ਖੇਤੀ ਕਿੱਤਾ ਸੰਕਟ ਵਿੱਚ ਹੈ। ਵੱਖਰਾ ਖੇਤੀ ਬਜਟ, ਕਿਸਾਨ ਪੱਖੀ ਨੀਤੀਆਂ ਅਤੇ ਕਿਸਾਨੀ ਜਿਣਸਾਂ ਦੇ ਲਾਹੇਵੰਦ ਭਾਅ ਹੀ ਖੇਤੀ ਸੰਕਟ ਦਾ ਹੱਲ ਹਨ। ਇਹ ਗੱਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਨੇੜਲੇ ਪਿੰਡ ਹਥਨ ਵਿੱਚ ਚਮਕੌਰ ਸਿੰਘ ਦੇ ਘਰ ਯੂਨੀਅਨ ਦੇ ਦਫ਼ਤਰ ਦੇ ਉਦਘਾਟਨੀ ਸਮਾਗਮ ਮੌਕੇ ਕਹੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਰ ਪਿੰਡ ਲਈ ਸਾਰਾ ਸਾਲ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਤਾਂ ਜੋ ਧਰਤੀ ਹੇਠਲੇ ਸਾਫ਼ ਪਾਣੀ ਦਾ ਕੁਦਰਤੀ ਸਰੋਤ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਤੋਂ ਇਲਾਵਾ ਮੱਕੀ, ਮੂੰਗੀ, ਫ਼ਲਾਂ ਅਤੇ ਸਬਜ਼ੀਆਂ ਦਾ ਵੀ ਘੱਟੋ ਘੱਟ ਸਮਰਥਨ ਮੁੱਲ ਤੈਅ ਹੋਣਾ ਚਾਹੀਦਾ ਹੈ, ਭਾਰਤ ਅਤੇ ਪਾਕਿਸਤਾਨ ਨੂੰ ਵਾਹਗਾ ਸਰਹੱਦ ਰਾਹੀਂ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ। ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਕਿਸਾਨੀ ਏਕੇ ਦੇ ਜ਼ੋਰ ‘ਤੇ ਹੀ ਕਿਸਾਨੀ ਮਸਲੇ ਹੱਲ ਕਰਵਾਏ ਜਾ ਸਕਦੇ ਹਨ।
ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਪਿੰਡ ਘਨੌਰ ਕਲਾਂ ਤੋਂ ਚੰਦ ਸਿੰਘ, ਨਛੱਤਰ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਪਾਲ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਗੁਰਜੀਵਨ ਸਿੰਘ ਅਤੇ ਕਲੇਰਾਂ ਦੇ ਸੇਵਾਮੁਕਤ ਐੱਸਡੀਓ ਸੁਖਚੈਨ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ ਆਦਿ ਨੂੰ ਬੈਜ ਲਗਾ ਕੇ ਅਤੇ ਯੂਨੀਅਨ ਦਾ ਝੰਡਾ ਭੇਟ ਕਰਕੇ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਕੀਤਾ।