ਬਲਬੇੜ੍ਹਾ ਵਿੱਚ ਐਂਬੂਲੈਂਸ ਸੇਵਾ ਮੁੜ ਬਹਾਲ ਕਰਨ ਦੀ ਮੰਗ
ਪੱਤਰ ਪ੍ਰੇਰਕ
ਦੇਵੀਗੜ੍ਹ, 19 ਅਗਸਤ
ਕਸਬਾ ਬਲਬੇੜ੍ਹਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਤੋਂ ਬਾਅਦ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਯਤਨਾ ਸਦਕਾ ਐਂਬੂਲੈਂਸ 108 ਸੇਵਾ ਨੂੰ ਪੰਜ-ਛੇ ਮਹੀਨੇ ਪਹਿਲਾਂ ਸ਼ੂਰੂ ਕੀਤਾ ਗਿਆ ਸੀ, ਉਸ ਸੇਵਾ ਨੂੰ ਸਿਹਤ ਵਿਭਾਗ ਵੱਲੋਂ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅਵਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਲਖਵਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ, ਰਣਜੀਤ ਸਿੰਘ ਨੰਬਰਦਾਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਕਸਬਾ ਬਲਬੇੜ੍ਹਾ ਦੇ ਆਲੇ ਦੁਆਲੇ 25 ਦੇ ਲਗਭਗ ਪਿੰਡ ਆਉਂਦੇ ਹਨ। ਇਹ ਕਸਬਾ ਪਟਿਆਲਾ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਇਸ ਕਸਬੇ ਵਿਚ ਕੋਈ ਵੀ ਐਮਰਜੈਂਸੀ ਹਸਪਤਾਲ ਨਾ ਹੋਣ ਕਾਰਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਨਾਲ ਅਤੇ ਹੋਰ ਐਮਰਜੈਂਸੀ ਸਮੇਂ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਅਜਿਹੀ ਸੇਵਾ ਦੀ ਬੇਹੱਦ ਜ਼ਰੂਰਤ ਹੈ। ਕਸਬਾ ਵਾਸੀਆਂ ਨੇ ਇਸ ਸੇਵਾ ਨੂੰ ਮਹਿਕਮੇ ਵੱਲੋਂ ਬੰਦ ਕਰਨਾ ਬਹੁਤ ਹੀ ਮੰਦਭਾਗਾ ਦੱਸਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਦ ਕੀਤੀ ਗਈ ਐਂਬੂਲੈਂਸ ਸੇਵਾ ਨੂੰ ਮੁੜ ਤੁਰੰਤ ਬਹਾਲ ਕੀਤਾ ਜਾਵੇ, ਜਿਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਮੁੱਢਲੀ ਡਾਕਟਰੀ ਸਹੂਲਤ ਮਿਲ ਸਕੇ।
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਦੁਧਨਸਾਧਾਂ ਡਾ. ਕਿਰਨ ਵਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਐਂਬੂਲੈਂਸ ਵੈਨਾਂ ਦੀ ਘਾਟ ਹੈ। ਇਸ ਕਰ ਕੇ ਸਿਹਤ ਵਿਭਾਗ ਵੱਲੋਂ ਇਸ ਵੈਨ ਦੀ ਡਿਊਟੀ ਕਿਸੇ ਹੋਰ ਥਾਂ ’ਤੇ ਲਗਾਈ ਗਈ ਹੋ ਸਕਦੀ ਹੈ। ਇਸ ਸਬੰਧੀ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਬਲਬੇੜ੍ਹਾ ਵਿੱਚ ਐਬੂਲੈਂਸ 108 ਸੇਵਾ ਜਲਦੀ ਬਹਾਲ ਹੋ ਸਕੇ। ਇਸ ਮੌਕੇ ਅਵਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਲਖਵਿੰਦਰ ਸਿੰਘ ਸਾਬਕਾ ਵਾਇਸ ਚੇਅਰਮੈਨ, ਗੁਰਜੀਤ ਸਿੰਘ, ਬੰਤ ਸਿੰਘ, ਰਣਜੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਭਾਈ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।