‘ਵੀਰ ਬਾਲ ਦਿਵਸ’ ਦੇ ਬੈਨਰ ਹੇਠ ਸਮਾਗਮ ਕਰਨ ਵਾਲੇ ਸਿੱਖਾਂ ਦੀ ਜਵਾਬ-ਤਲਬੀ ਕਰਨ ਦੀ ਮੰਗ
ਅੰਮ੍ਰਿਤਸਰ: ਦਲ ਖ਼ਾਲਸਾ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਦੇ ਨਾਂ ਹੇਠ ਮਨਾਉਣ ਲਈ ਕੇਂਦਰ ਸਰਕਾਰ, ਆਰ.ਐੱਸ.ਐੱਸ. ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਨਰਿੰਦਰ ਮੋਦੀ ਸਰਕਾਰ ਵੱਲੋਂ ਦਿੱਤੇ ਗਏ ‘ਵੀਰ ਬਾਲ ਦਿਵਸ’ ਨਾਮ ਉੱਤੇ ਇਤਰਾਜ਼ ਜਤਾਉਂਦਿਆਂ ਦਲ ਖ਼ਾਲਸਾ ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਸਿੱਖ ਇਤਿਹਾਸ ਅਤੇ ਬਿਰਤਾਂਤਾਂ ਨੂੰ ਵਿਗਾੜ ਕੇ ਉਸ ਉੱਤੇ ਹਿੰਦੁਤਵੀ ਰੰਗ ਚੜ੍ਹਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਮੋਦੀ ਸਰਕਾਰ ਦਾ ਇੱਕਪਾਸੜ ਅਤੇ ਮਨਮਾਨੀ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਨੀਤੀ ਦਾ ਹਿੱਸਾ ਹੈ। ਜਥੇਬੰਦੀ ਨੇ ਅਕਾਲ ਤਖ਼ਤ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਮੋਦੀ ਹਕੂਮਤ ਦੇ ਪ੍ਰਭਾਵ ਜਾਂ ਸਰਪ੍ਰਸਤੀ ਹੇਠ ਅੱਜ ਦਿੱਲੀ ਅਤੇ ਹੋਰ ਥਾਵਾਂ ’ਤੇ ‘ਵੀਰ ਬਾਲ ਦਿਵਸ’ ਦੇ ਬੈਨਰ ਹੇਠ ਸਮਾਗਮ ਕਰਨ ਵਾਲੇ ਸਿੱਖਾਂ ਦੀ ਜਵਾਬਤਲਬੀ ਕਰਨ ਦੀ ਅਪੀਲ ਕੀਤੀ ਹੈ। -ਟਨਸ