‘ਨੋਟਾ’ ਨੂੰ ਵੱਧ ਵੋਟਾਂ ਪਾਉਣ ਵਾਲੇ ਬਿਸ਼ਨਗੜ੍ਹ ’ਚ ਮੁੜ ਚੋਣ ਕਰਵਾਉਣ ਦੀ ਮੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਸਰਪੰਚੀ ਦੀ ਚੋਣ ਦੌਰਾਨ ‘ਨੋਟਾ’ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਨਿਵੇਕਲੀ ਲੀਹ ਪਾਓਣ ਵਾਲੇ ਤਹਿਸੀਲ ਪਟਿਆਲਾ ਅਤੇ ਹਲਕਾ ਸਨੌਰ ਦੇ ਪਿੰਡ ਬਿਸ਼ਨਗੜ੍ਹ ਵਿੱਚ ਹੁਣ ਦੁਬਾਰਾ ਚੋਣ ਕਰਵਾਉਣ ਦੀ ਮੰਗ ਉਭਰੀ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਦੀ ਅਗਵਾਈ ਹੇਠਾਂ ਅੱਜ ਇੱਥੇ ਡੀਸੀ ਦਫ਼ਤਰ ਪਟਿਆਲਾ ਰਾਹੀਂ ਭਾਰਤੀ ਚੋਣ ਕਮਿਸ਼ਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਜਿਸ ਦੌਰਾਨ ਬਿਸ਼ਨਗੜ੍ਹ ’ਚ ਸਰਪੰਚ ਦੀ ਚੋਣ ਦੁਬਾਰਾ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ, ਨੰਬਰਦਾਰ ਕਸਪਾਲ ਸਿੰਘ, ਪੰਚ ਅਵਤਾਰ ਸਿੰਘ, ਪੰਚ ਰਾਜਵੀਰ ਸਿੰਘ, ਪੰਚ ਰਵੀ ਸਿੰਘ, ਕਰਨ ਸਿੰਘ, ਸੁੰਦਰਜੀਤ ਕੌਰ, ਮਲਕੀਤ ਸਿੰਘ, ਜਸਵਿੰਦਰ ਸਿੰਘ ਅਤੇ ਸੁਮਨਜੀਤ ਕੌਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੀ ਸਰਪੰਚ ਦੀ ਸੀਟ ਮਹਿਲਾਵਾਂ ਲਈ ਰਾਖਵੀਂ ਸੀ ਪਰ ਕਥਿਤ ਸਿਆਸੀ ਰੰਜਿਸ਼ ਕਾਰਨ ਉਸ ਦੀ ਨੂੰਹ ਅਤੇ ਧੀ ਦੇ ਨਾਮਜ਼ਦਗੀ ਫਾਰਮ ਰੱਦ ਕਰ ਦਿੱਤੇ ਗਏ। ਉਨ੍ਹਾਂ ਨੇ ਕਥਿਤ ਸਰਕਾਰੀ ਜਬਰ ਖਿਲਾਫ਼ ‘ਨੋਟਾ’ ਦੇ ਹੱਕ ’ਚ ਸਭ ਤੋਂ ਵੱਧ 115 ਵੋਟਾਂ ਦਾ ਭੁਗਤਾਨ ਕੀਤਾ ਤੇ ਇਹ ਅੰਕੜਾ ਸਭ ਤੋਂ ਵੱਧ ਰਿਹਾ। ਉਨ੍ਹਾਂ ਕਿਹਾ ਕਿ ਨਤੀਜੇ ਦੌਰਾਨ ਭਾਵੇਂ ਸੱਤਾਧਾਰੀ ਧਿਰ ਨਾਲ ਸਬੰਧਤ ਮਨਦੀਪ ਕੌਰ ਨੂੰ ਜੇਤੂ ਸਰਪੰਚ ਵਜੋਂ ਸਰਟੀਫਿਕੇਟ ਦੇ ਦਿੱਤਾ ਗਿਆ ਪਰ ਕਿਉਂਕਿ ਨੋਟਾ ਦੀਆਂ 115 ਦੇ ਮੁਕਾਬਲੇ ਮਨਦੀਪ ਕੌਰ ਨੂੰ 105 ਵੋਟਾਂ ਪਈਆਂ ਹਨ, ਜੋ ‘ਨੋਟਾ’ ਤੋਂ ਦਸ ਵੋਟਾਂ ਘੱਟ ਹਨ।