ਮੁਲਾਜ਼ਮਾਂ ਗੱਲੋਂ ਰੈਗੂਲਰ ਵੀਸੀ ਦੀ ਤਾਇਨਾਤੀ ਦੀ ਮੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਦਸੰਬਰ
ਪੰਜਾਬੀ ਯੂਨੀਵਰਸਿਟੀ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਰਮਚਾਰੀ ਸੰਘ ਦੇ ਇੱਕ ਵਫ਼ਦ ਨੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਮੰਗ ਪੱਤਰ ਦੇ ਕੇ ਯੂਨੀਵਰਸਿਟੀ ਵਿੱਚ ਰੈਗੂਲਰ ਵੀਸੀ ਦੀ ਤਾਇਨਾਤੀ ’ਤੇ ਜ਼ੋਰ ਦਿੱਤਾ। ਇਸ ਦੌਰਾਨ ਹੀ ਪ੍ਰਧਾਨ ਸ੍ਰੀ ਬਾਗੜੀਆਂ ਦਾ ਕਹਿਣਾ ਸੀ ਕਿ ਜੇ ਜਲਦੀ ਹੀ ਰੈਗੂਲਰ ਵੀਸੀ ਦੀ ਤਾਇਨਾਤੀ ਨਾ ਕੀਤੀ ਗਈ ਤਾਂ ਕਰਮਚਾਰੀ ਅਗਲੇ ਦਿਨਾਂ ’ਚ ਮੁਕੰਮਲ ਹੜਤਾਲ ਕਰਨ ਲਈ ਮਜਬੂਰ ਹੋਣਗੇ, ਜਿਸ ਦੌਰਾਨ ਯੂਨੀਵਰਸਿਟੀ ਕੈਂਪਸ ਸਮੇਤ ਯੂਨੀਵਰਸਿਟੀ ਨਾਲ ਸਬੰਧਤ ਬਾਹਰਲੇ ਸੈਂਟਰਾਂ ਵਿੱਚ ਵੀ ਕੰਮ-ਕਾਜ ਮੁਕੰਮਲ ਠੱਪ ਕੀਤਾ ਜਾਵੇਗਾ। ਰੈਗੂਲਰ ਵੀਸੀ ਦੀ ਅਣਹੋਂਦ ਕਾਰਨ ਕਰਮਚਾਰੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। ਸੰਘ ਦੇ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਦੌਰਾਨ ਸਪੀਕਰ ਕੁਲਤਾਰ ਸ੍ਰੀ ਸੰਧਵਾਂ ਨੇ ਭਰੋਸਾ ਦਿਵਾਇਆ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਨਾਲ ਗੱਲ ਕਰਨਗੇ ਤਾਂ ਜੋ ਜਲਦੀ ਹੀ ਰੈਗੂਲਰ ਵੀਸੀ ਦੀ ਨਿਯੁਕਤੀ ਕੀਤੀ ਜਾ ਸਕੇ।