ਕਿਰਾਏਦਾਰਾਂ ਦੀ ਪੁਲੀਸ ਜਾਂਚ ਕਰਵਾਉਣ ਦੀ ਮੰਗ
ਹਰਜੀਤ ਸਿੰਘ
ਜ਼ੀਰਕਪੁਰ, 29 ਸਤੰਬਰ
ਬਲਟਾਣਾ ਅਧੀਨ ਆਉਂਦੀ ਸ਼ਾਮ ਨਗਰ ਸੁਸਾਇਟੀ ਵਾਸੀਆਂ ਵੱਲੋਂ ਪੁਲੀਸ ਤੋਂ ਉਥੇ ਰਹਿੰਦੇ ਕਿਰਾਏਦਾਰਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੁਸਾਇਟੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਲੰਘੇ ਲੰਮੇਂ ਸਮੇਂ ਤੋਂ ਕਿਰਾਏਦਾਰਾਂ ਦੀ ਪੁਲੀਸ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸ਼ਾਮ ਨਗਰ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸੁਸਾਇਟੀ ਵਾਸੀਆਂ ਨੇ ਦੱਸਿਆ ਕਿ ਕੁਝ ਮਕਾਨ ਮਾਲਕਾਂ ਵੱਲੋਂ ਆਪਣੇ ਘਰਾਂ ਵਿੱਚ ਕਿਰਾਏਦਾਰ ਰੱਖੇ ਹੋਏ ਹਨ ਜਿਨ੍ਹਾਂ ਦੀ ਨਿਯਮ ਮੁਤਾਬਕ ਪੁਲੀਸ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜ਼ਿਆਦਾਤਰ ਮਕਾਨ ਮਾਲਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰ ਬਿਨਾਂ ਪੁਲੀਸ ਜਾਂਚ ਦੇ ਹੀ ਕਿਰਾਏਦਾਰ ਰੱਖੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕਈਂ ਵਾਰ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਰਾਏਦਾਰ ਪ੍ਰਵਾਸੀ ਹਨ ਜਿਨ੍ਹਾਂ ਦੀ ਅਪਰਾਧਕ ਰਿਕਾਰਡ ਦੀ ਜਾਂਚ ਕਰਨਾ ਜ਼ਰੂਰੀ ਹੈ। ਡੀਐੱਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਛੇਤੀ ਕਿਰਾਏਦਾਰਾਂ ਦੀ ਪੁਲੀਸ ਜਾਂਚ ਕਰਵਾਈ ਜਾਏਗੀ ਤੇ ਕਿਰਾਏਦਾਰਾਂ ਦੀ ਪੁਲੀਸ ਜਾਂਚ ਨਾ ਕਰਵਾਉਣ ਵਾਲੇ ਮਕਾਨ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।