ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ
ਪੱਤਰ ਪ੍ਰੇਰਕ
ਨਰਾਇਣਗੜ੍ਹ, 26 ਜੁਲਾਈ
ਪੇਂਡੂ ਸਫ਼ਾਈ ਕਰਮਚਾਰੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਨਰਿੰਦਰ ਦੀ ਅਗਵਾਈ ਹੇਠ ਇੱਥੇ ਅਨਾਜ ਮੰਡੀ ਵਿੱਚ ਹੋਈ, ਜਿਸ ਦਾ ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਰੋਹਤਾਸ਼ ਨੇ ਕੀਤਾ। ਪੇਂਡੂ ਸਫ਼ਾਈ ਕਰਮੀਆਂ ਨੂੰ ਸੰਬੋਧਨ ਕਰਦਿਆਂ ਸਫ਼ਾਈ ਕਰਮਚਾਰੀ ਯੂਨੀਅਨ ਹਰਿਆਣਾ ਦੇ ਜਨਰਲ ਸਕੱਤਰ ਵਨਿੋਦ ਕੁਮਾਰ, ਸਰਬ ਕਰਮਚਾਰੀ ਸੰਘ ਦੇ ਸੂੁਬਾ ਜਨਰਲ ਸਕੱਤਰ ਸਤੀਸ਼ ਸੇਠੀ ਤੇ ਸੀਟੂ ਨੇਤਾ ਰਮੇਸ਼ ਕੁਮਾਰ ਨੇ ਕਿਹਾ ਕਿ ਹਰਿਆਣਾ ਸਰਕਾਰ 11000 ਪੇਂਡੂ ਸਫ਼ਾਈ ਕਰਮਚਾਰੀਆਂ ਕੋਲੋਂ ਕੰਮ ਤਾਂ ਲੈ ਰਹੀ ਹੈ, ਪਰ 13 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵਿੱਚ ਇੱਕ ਲੱਖ ਅੱਠ ਹਜ਼ਾਰ 850 ਪੇਂਡੂ ਸਫ਼ਾਈ ਕਰਮਚਾਰੀ ਰੈਗੂਲਰ ਤੌਰ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਫ਼ਾਈ ਕਰਮਚਾਰੀਆਂ ਨੂੰ ਕਰੋਨਾ ਜੋਧਾ ਦਾ ਲਕਬ ਤਾਂ ਦਿੱਤਾ ਜਾ ਰਿਹਾ, ਪਰ ਬਚਾਅ ਕਰਨ ਲਈ ਸੁਰੱਖਿਆ ਕਿੱਟਾਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਨਾਲ ਪੱਖਪਾਤ ਕਰ ਰਹੀ ਹੈ ਜਿਸ ਨੂੰ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।