ਪੱਤਰਕਾਰਾਂ ਲਈ ਪੈਨਸ਼ਨ, ਬੱਸ-ਪਾਸ ਤੇ ਹੋਰ ਸਹੂਲਤਾਂ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 8 ਜੁਲਾਈ
ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਤਹਿਸੀਲ ਰਾਏਕੋਟ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਮੀਡੀਆ ਉੱਪਰ ਕਾਰਪੋਰੇਟ ਦੇ ਗ਼ਲਬੇ ਅਤੇ ਸਰਕਾਰ ਵੱਲੋਂ ਅਣ-ਐਲਾਨੀ ਐਮਰਜੈਂਸੀ ਤੋਂ ਬਾਅਦ ਪ੍ਰੈੱਸ ਦੀ ਆਜ਼ਾਦੀ ਦੇ ਸੂਚਕ ਅੰਕ ਵਿੱਚ ਇਸ ਸਾਲ ਭਾਰਤ 180 ਦੇਸ਼ਾਂ ਵਿੱਚ 161ਵੇਂ ਸਥਾਨ 'ਤੇ ਖਿਸਕ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਕਈ ਵਾਰ ਹਾਮੀ ਭਰਨ ਦੇ ਬਾਵਜੂਦ ਲਾਗੂ ਕਰਨ ਸਮੇਂ ਟਾਲਮਟੋਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧ ਦੀ ਅਵਾਜ਼ ਦਾ ਗਲ਼ਾ ਘੁੱਟਣ ਲਈ ਸਰਕਾਰਾਂ ਵੱਲੋਂ ਪਾਏ ਜਾ ਰਹੇ ਦਬਾਅ ਵਿਰੁੱਧ ਪੱਤਰਕਾਰਾਂ ਨੂੰ ਸਿਦਕ ਅਤੇ ਠਰ੍ਹੰਮੇ ਦੇ ਨਾਲ-ਨਾਲ ਜਥੇਬੰਦਕ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਐਕਟਿੰਗ ਪ੍ਰਧਾਨ ਜੈ ਸਿੰਘ ਛਿੱਬਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਸਭ ਤੋਂ ਵਧੇਰੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਰੁੱਧ ਸੰਘਰਸ਼ ਤੇਜ਼ ਕਰਨ ਲਈ ਉਨ੍ਹਾਂ ਜਥੇਬੰਦੀ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਆਗੂਆਂ ਨੇ ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਪੈਨਸ਼ਨ, ਬੱਸ-ਪਾਸ ਸਮੇਤ ਹੋਰ ਸਰਕਾਰੀ ਸਹੂਲਤਾਂ ਦੇਣ ਦੀ ਮੰਗ ਕੀਤੀ। ਸਰਬਸੰਮਤੀ ਨਾਲ ਪਾਸ ਇਕ ਮਤੇ ਰਾਹੀ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਸਬਰੀਨਾ ਸਦੀਕੀ ਨੂੰ ਭਾਰਤ ਵਿੱਚ ਸੋਸ਼ਲ ਮੀਡੀਆ ’ਤੇ ਟਰੋਲ ਕਰਨ ਦੀ ਨਿੰਦਾ ਕੀਤੀ।