ਨੰਬਰਦਾਰੀ ਜੱਦੀ-ਪੁਸ਼ਤੀ ਤੇ ਮਾਣ-ਭੱਤੇ ’ਚ ਵਾਧਾ ਕਰਨ ਦੀ ਮੰਗ
ਪੱਤਰ ਪ੍ਰੇਰਕ
ਮਾਨਸਾ, 20 ਨਵੰਬਰ
ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਇਥੇ ਨੰਬਰਦਾਰ ਭਵਨ ਵਿੱਚ ਜ਼ਿਲ੍ਹਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਗਵਾਈ ਹੇਠ ਹੋਈ, ਜਿਸ ਵਿੱਚ ਨੰਬਰਦਾਰਾਂ ਦੇ ਮਾਣਭੱਤੇ ਵਿੱਚ ਵਾਧਾ, ਨੰਬਰਦਾਰੀ ਜੱਦੀ-ਪੁਸ਼ਤੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਨੰਬਰਦਾਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ’ਤੇ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਅਤੇ ਬੱਸ ਪਾਸ ਦੀ ਸਹੂਲਤ ਵੀ ਨੰਬਰਦਾਰਾਂ ਨੂੰ ਦਿੱਤੀ ਜਾਵੇਗੀ, ਪ੍ਰੰਤੂ ਸਰਕਾਰ ਦਾ ਅੱਧਾ ਸਮਾਂ ਲੰਘਣ ’ਤੇ ਵੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੰਬਰਦਾਰ ਸਰਕਾਰ ਅਤੇ ਆਮ ਪਬਲਿਕ ਦੀ ਅਹਿਮ ਕੜੀ ਹਨ ਪ੍ਰੰਤੂ ਕੁਝ ਤਹਿਸੀਲਾਂ ਵਿੱਚ ਸਾਬਕਾ ਐਮਸੀ ਜਾਂ ਸਾਬਕਾ ਪੰਚ ਵੀ ਮਾਲ ਵਿਭਾਗ ਦੇ ਕੰਮ ਕਰਵਾ ਰਹੇ ਹਨ, ਜੋ ਸਰਾਸਰ ਗ਼ਲਤ ਹੈ। ਇਸ ਮੌਕੇ ਗੁਰਬਰਨ ਸਿੰਘ ਕੁਲਾਣਾ, ਬਲਦੇਵ ਸਿੰਘ ਭੁਪਾਲ, ਧਰਮਿੰਦਰ ਸਿੰਘ ਬਰਨਾਲਾ, ਗੁਰਮੀਤ ਸਿੰਘ, ਮੱਖਣ ਸਿੰਘ ਹੀਰੋ ਖੁਰਦ, ਰਘਵੀਰ ਸਿੰਘ ਉੱਭਾ, ਅਜੈਬ ਅਲੀਸ਼ੇਰ, ਬਿੱਕਰ ਹਸਨਪੁਰ, ਮੱਖਣ ਸਿੰਘ ਕੋਟਧਰਮੂ, ਜਗਸੀਰ ਭੁਪਾਲ, ਜਸਵੀਰ ਜੋਗਾ, ਗੁਰਚਰਨ ਝੱਬਰ, ਜੰਟਾ ਬੁਰਜ ਤੇ ਅਵਤਾਰ ਮੰਢਾਲੀ ਮੌਜੂਦ ਸਨ।