ਪੰਜਾਬ ਵਿਚ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਮੰਗ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 31 ਅਗਸਤ
ਪੰਜਾਬ ਲੱਖਾਂ ਗਰੀਬ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਹੈ ਅਤੇ ਨਾ ਹੀ ਘਰ ਬਣਾਉਣ ਲਈ ਥਾਂ ਹੈ। ਇਸ ਲਈ ਪੰਜਾਬ ਸਰਕਾਰ ਜ਼ਮੀਨ ਦੀ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਜ਼ਬਤ ਕਰ ਕੇ ਬੇਜ਼ਮੀਨੇ ਗਰੀਬਾਂ ਵਿੱਚ ਵੰਡੇ। ਇਹ ਮੰਗ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਜਾਰੀ ਦਲਿਤਾਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ ਜਬਰ ਖ਼ਿਲਾਫ਼ ਲਾਮਬੰਦੀ ਮੁਹਿੰਮ ਤਹਿਤ ਜੋਗਾ ਸਰਕਲ ਦੇ ਪਿੰਡਾਂ ਰੱਲਾ, ਝੱਬਰ ਵਿਖੇ ਮਜ਼ਦੂਰ ਇੱਕਠ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਨੂੰਨ ਹੈ ਕਿ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਸੱਤਾਧਾਰੀ ਹਾਕਮ ਤੇ ਅਫ਼ਸਰਸ਼ਾਹੀ ਕੁਰਸੀ ਉੱਪਰ ਬੈਠ ਪੰਜਾਬ ਨੂੰ ਲੁੱਟ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਦੇਸ਼-ਵਿਦੇਸ਼ ਵਿਚ ਜਾਇਦਾਦਾਂ ਇੱਕਠੀਆਂ ਕਰ ਰਹੇ ਹਨ ਪਰ ਦੂਜੇ ਪਾਸੇ ਲੱਖਾਂ ਦਲਿਤ, ਗਰੀਬ ਸਮਾਜ ਦਾ ਆਪਣੇ ਘਰ ਅਮਦਰ ਰਹਿਣ ਦਾ ਸੁਪਨਾ ਵੀ ਜ਼ਿੰਦਗੀ ਵਿੱਚ ਪੂਰਾ ਨਹੀਂ ਹੋ ਰਿਹਾ। ਕਾਮਰੇਡ ਮਨਜੀਤ ਕੌਰ ਜੋਗਾ ਨੇ ਕਿਹਾ ਕਿ ਪੰਜਾਬ ਦਾ ਦਲਿਤ ਸਮਾਜ ਭਾਜਪਾ ਦੀਆਂ ਫੁੱਟਪਾਊ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਣੇ ਸੰਵਿਧਾਨਕ ਹੱਕਾਂ ’ਤੇ ਆਜ਼ਾਦੀ ਲਈ ਭਾਈਚਾਰਕ ਤਾਕਤ ਖੜ੍ਹੀ ਕਰਨ ਲਈ ਲਾਮਬੰਦ ਹੋਣ। ਇਸ ਮੌਕੇ ਕਾਮਰੇਡ ਭੋਲਾ ਸਿੰਘ ਝੱਬਰ, ਨਾਹਰਜੀਤ ਸਿੰਘ, ਸੋਨੂ ਸਿੰਘ, ਜਰਨੈਲ ਸਿੰਘ ਰੱਲਾ, ਜੀਤੀ ਸਿੰਘ, ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ।