ਮੁਹਾਲੀ ਦੇ ਸੈਕਟਰ 78-79 ਵਿੱਚ ਚੌਕ ਫੌਰੀ ਬਣਾਉਣ ਦੀ ਮੰਗ
ਪੱਤਰ ਪ੍ਰੇਰਕ
ਐੱਸ ਏ ਐੱਸ ਨਗਰ (ਮੁਹਾਲੀ), 5 ਅਕਤੂਬਰ
ਇੱਥੋਂ ਦੇ ਦੇ ਸੈਕਟਰ-78-79, ਸੈਕਟਰ-86-87 ਵਿੱਚ ਗੋਲ ਚੌਕ ਬਣਾਉਣ ਦਾ ਕੰਮ ਠੰਢੇ ਬਸਤੇ ਵਿੱਚ ਪੈਣ ਕਾਰਨ ਇਲਾਕੇ ਲੋਕ ਡਾਢੇ ਤੰਗ ਪ੍ਰੇਸ਼ਾਨ ਹਨ। ਗੋਲ ਚੌਕ ਬਣਾਉਣ ਲਈ ਪੁੱਟੀ ਜ਼ਮੀਨ ਕਾਰਨ ਇਨ੍ਹਾਂ ਥਾਵਾਂ ’ਤੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਗੋਲ ਚੌਕ ਦੀ ਉਸਾਰੀ ਦਾ ਕੰਮ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੌਕ ਦੀ ਬਹੁਤ ਮਾੜੀ ਹਾਲਤ ਹੈ ਅਤੇ ਭਾਵੇਂ ਛੇ ਮਹੀਨੇ ਪਹਿਲਾਂ ਇਹ ਕੰਮ ਸ਼ੁਰੂ ਕਰਨ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ, ਜੋ ਗਮਾਡਾ ਦੇ ਚੇਅਰਮੈਨ ਵੀ ਹਨ ਪਰ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਰਨ ਇੱਥੇ ਜ਼ਮੀਨ ਪੁੱਟ ਕੇ ਖਾਲੀ ਛੱਡ ਦਿੱਤੀ ਗਈ। ਸ੍ਰੀ ਬੇਦੀ ਨੇ ਕਿਹਾ ਕਿ ਇੱਥੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। ਇੱਥੋਂ ਅਗਲੇ ਪਿੰਡਾਂ ਦਾ ਰਾਹ ਵੀ ਇਸੇ ਸੜਕ ਤੋਂ ਮੁਹਾਲੀ ਨੂੰ ਜੋੜਦਾ ਹੈ, ਇੱਥੇ ਆਵਾਜਾਈ ਜ਼ਿਆਦਾ ਹੈ ਕਿਉਂਕਿ ਇਹੀ ਸੜਕ ਅੱਗੇ ਏਅਰਪੋਰਟ ਰੋਡ ਨੂੰ ਜਾ ਕੇ ਮਿਲਦੀ ਹੈ। ਉਨ੍ਹਾਂ ਮੰਗ ਕੀਤੀ ਕਿ ਢਿੱਲੀ ਕਾਰਵਾਈ ਕਾਰਨ ਠੇਕੇਦਾਰ ਨੂੰ ਜੁਰਮਾਨਾ ਕੀਤਾ ਜਾਵੇ।