For the best experience, open
https://m.punjabitribuneonline.com
on your mobile browser.
Advertisement

ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

08:02 AM Jun 20, 2024 IST
ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਜੂਨ
ਵਧਦੀ ਗਰਮੀ ਦੇ ਨਾਲ ਨਾਲ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਿਜਲੀ ਦੀ ਮੰਗ 16,030 ਮੈਗਾਵਾਟ ਸੀ ਪਰ ਪਾਵਰਕੌਮ ਕੋਲ ਪ੍ਰਬੰਧ 16,000 ਮੈਗਾਵਾਟ ਦਾ ਹੀ ਸੀ। ਸਾਰੇ ਥਰਮਲ ਤੇ ਹਾਈਡਲ ਪ੍ਰਾਜੈਕਟ ਚਲਾਉਣ ਤੋਂ ਬਾਅਦ ਵੀ ਪਾਵਰਕੌਮ ਬਿਜਲੀ ਦੀ ਮੰਗ ਪੂਰੀ ਨਹੀਂ ਕਰ ਸਕਿਆ ਜਿਸ ਕਰਕੇ ਅੱਜ ਕੁਝ ਥਾਵਾਂ ’ਤੇ ਅਣਐਲਾਨੇ ਕੱਟ ਲੱਗੇ। ਅੱਜ ਦਰਜ ਕੀਤੀ ਗਈ ਮੰਗ ਪਿਛਲੇ ਸਾਲ ਦੇ ਮੁਕਾਬਲੇ ਚਾਰ ਹਜ਼ਾਰ ਮੈਗਾਵਾਟ ਤੋਂ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 12,011 ਮੈਗਾਵਾਟ ਸੀ।
ਪਾਵਰਕੌਮ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਾਰੇ ਹਾਈਡਲ ਤੇ ਥਰਮਲ ਪਲਾਂਟ ਚੱਲ ਰਹੇ ਹਨ ਪਰ ਫਿਰ ਵੀ ਬਿਜਲੀ ਪੂਰੀ ਨਹੀਂ ਹੋ ਰਹੀ। ਅੱਜ ਸਾਰੇ ਹਾਈਡਲ ਪ੍ਰੋਜੈਕਟਾਂ ਨੇ 219.83 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਦਕਿ ਪਿਛਲੇ ਸਾਲ ਅੱਜ ਦੇ ਦਿਨ ਇਹ ਉਤਪਾਦਨ 173.68 ਲੱਖ ਯੂਨਿਟ ਸੀ। ਬੀਬੀਐੱਮਬੀ ਦੇ ਤਿੰਨੇ ਪਲਾਟਾਂ ’ਚੋਂ ਅੱਜ 161.14 ਲੱਖ ਯੂਨਿਟ ਮਿਲੀ ਜਦ ਕਿ ਪਿਛਲੇ ਸਾਲ 136.15 ਲੱਖ ਯੂਨਿਟ ਮਿਲੇ ਸਨ। ਇਸੇ ਤਰ੍ਹਾਂ ਸਾਰੇ ਥਰਮਲਾਂ ਦੇ ਵੀ ਸਾਰੇ ਯੂਨਿਟ ਚੱਲ ਰਹੇ ਹਨ। ਇਸ ਤਹਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਨੇ 168.06 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜੋ ਪਿਛਲੇ ਸਾਲ ਦੇ ਮੁਕਾਬਲੇ 21.52 ਲੱਖ ਯੂਨਿਟ ਵੱਧ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਵਿੱਚ ਅੱਜ 153.52 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆ। ਪਿਛਲੇ ਸਾਲ ਇੱਥੇ 126.06 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਗੋਇੰਦਵਾਲ ਸਾਹਿਬ ਥਰਮਲ ਨੇ ਅੱਜ 110.68 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਦ ਕਿ ਪਿਛਲੇ ਸਾਲ ਇਹ 42.21 ਲੱਖ ਯੂਨਿਟ ਸੀ। ਅੱਜ ਪਾਵਰਕੌਮ ਨੇ ਨਿੱਜੀ ਪਲਾਟਾਂ ਕੋਲੋਂ 3385.55 ਲੱਖ ਯੂਨਿਟ ਬਿਜਲੀ ਖਰੀਦੀ ਜਦ ਕਿ ਪਿਛਲੇ ਸਾਲ ਇਹ ਖ਼ਰੀਦ 3314.17 ਲੱਖ ਯੂਨਿਟ ਸੀ।
ਪਾਵਰਕੌਮ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਅੱਜ ਕਿਤੇ ਵੀ ਕੋਈ ਕੱਟ ਨਹੀਂ ਲਾਇਆ ਗਿਆ ਅਤੇ ਘਰੇਲੂ ਖਪਤਕਾਰਾਂ ਤੇ ਖੇਤੀ ਸੈਕਟਰ ਨੂੰ ਪੂਰੀ ਬਿਜਲੀ ਦਿੱਤੀ ਗਈ ਪਰ ਜਾਣਕਾਰੀ ਅਨੁਸਾਰ ਅੱਜ ਕੁਝ ਥਾਵਾਂ ’ਤੇ ਬਿਜਲੀ ਕੱਟ ਲੱਗੇ ਹਨ। ਜੇ ਆਉਂਦੇ ਦਿਨੀਂ ਮੀਂਹ ਨਾ ਪਿਆ ਤਾਂ ਬਿਜਲੀ ਦੀ ਮੰਗ ਹੋਰ ਵਧੇਗੀ ਅਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਧੀਮਾਨ ਨੇ ਕਿਹਾ ਕਿ ਸੂਬੇ ਨੇ 19 ਜੂਨ ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 16,078 ਮੈਗਾਵਾਟ ਦੀ ਮੰਗ ਦਰਜ ਕੀਤੀ। ਮਈ ’ਚ ਬਿਜਲੀ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 37 ਫੀਸਦੀ ਵਧੀ ਸੀ ਅਤੇ ਇਹ ਵਾਧਾ ਜਾਰੀ ਹੈ। ਧੀਮਾਨ ਨੇ ਕਿਹਾ, ‘‘ਜੂਨ ਦੇ ਪਹਿਲੇ 15 ਦਿਨਾਂ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਰਹੇ। ਕੁੱਲ ਮਿਲਾ ਕੇ ਊਰਜਾ ਦੀ ਖਪਤ ਵਿੱਚ 42 ਫੀਸਦੀ ਅਤੇ ਵੱਧ ਤੋਂ ਵੱਧ ਮੰਗ ਵਿੱਚ 33 ਫੀਸਦ ਵਾਧਾ ਹੋਇਆ ਹੈ।’’ ਕੁੱਝ ਦਿਨ ਪਹਿਲਾਂ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਫ਼ਤਰਾਂ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਕਰਨ ਦਾ ਸੁਝਾਅ ਦਿੱਤਾ ਸੀ।

Advertisement

Advertisement
Author Image

joginder kumar

View all posts

Advertisement
Advertisement
×