ਰੇਲਵੇ ਲਾਈਨ ’ਤੇ ਅੰਡਰਪਾਸ ਬਣਾਉਣ ਦੀ ਮੰਗ
ਹਰਦੀਪ ਸਿੰਘ ਸੋਢੀ
ਧੂਰੀ, 28 ਸਤੰਬਰ
ਪਿੰਡ ਬੱਲਮਗੜ੍ਹ ਨੇੜੇ ਜਾਂਦੀ ਰੇਲਵੇ ਲਾਈਨ ’ਤੇ ਅੰਡਰਪਾਸ ਬਣਾਉਣ ਲਈ ਪਿੰਡ ਵਾਸੀਆਂ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ੁਭਮ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਰੇਲਵੇ ਲਾਈਨ ’ਤੇ ਅੰਡਰਪਾਸ ਬਣਾਉਣ ਲਈ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਪੁਲ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਜਿਸ ਕਾਰਨ ਕਰੀਬ 12 ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੰਡੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਇੱਥੇ ਅੰਡਰਪਾਸ ਬਣਾਉਣ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ ਧੂਰੀ, ਡਾਕਟਰ ਜਰਨੈਲ ਸਿੰਘ ਸਰਪੰਚ ਬੱਲਮਗੜ੍ਹ, ਅਵਤਾਰ ਸਿੰਘ ਸਰਪੰਚ ਜਾਤੀਮਾਜਰਾ, ਗੁਲਜ਼ਾਰ ਸਿੰਘ ਸਰਪੰਚ ਬਬਨਪੁਰ, ਕੈਪਟਨ ਸੁਰਜੀਤ ਸਿੰਘ ਤੇ ਮੇਵਾ ਸਿੰਘ ਆਦਿ ਹਾਜ਼ਰ ਸਨ।