ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਅਕਤੂਬਰ
ਸੂਬੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਉਣ ਦੀ ਮੰਗ ਉਠਣ ਲੱਗੀ ਹੈ। ਇਸ ਸਬੰਧੀ ਸਿੱਖ ਸਮਾਜ ਸੰਸਥਾ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਭੇਜਿਆ ਹੈ, ਜਿਸ ’ਚ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਦੀ ਮੰਗ ਕੀਤੀ।
ਦੂਜੇ ਪਾਸੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਸੂਬਾ ਸਰਕਾਰ ਨੂੰ ਇਕ ਨਵੰਬਰ ਤਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇ ਦਿੱਤੇ ਸਮੇਂ ਤਕ ਚੋਣਾਂ ਕਰਾਉਣ ਦਾ ਐਲਾਨ ਨਾ ਕੀਤਾ ਗਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਦੋਵੇਂ ਸਿੱਖ ਆਗੂਆਂ ਨੇ ਆਪੋ ਆਪਣੇ ਸੰਗਠਨ ਦੇ ਆਹੁਦੇਦਾਰਾਂ ਨਾਲ ਵੱਖ ਵੱਖ ਬੈਠਕਾਂ ਕਰ ਕੇ ਰਣਨੀਤੀ ਤਿਆਰ ਕੀਤੀ ਹੈ।
ਇਨਾਂ ਨੇਤਾਵਾਂ ਨੇ ਮੌਜੂਦਾ ਐਡਹਾਕ ਕਮੇਟੀ ’ਤੇ ਸੁਆਲ ਚੁੱਕੇ ਹਨ ਅਤੇ ਕਿਹਾ ਕਿ ਇਹ ਸਰਕਾਰੀ ਕਮੇਟੀ ਹੈ ਪਰ ਸੰਗਤ ਨੂੰ ਆਪਣੀ ਚੁਣੀ ਹੋਈ ਕਮੇਟੀ ਚਾਹੀਦੀ ਹੈ ਜੋ ਗੁਰੂ ਘਰਾਂ ਦੀ ਸੇਵਾ ਸੰਭਾਲ ਸਹੀ ਢੰਗ ਨਾਲ ਕਰ ਸਕੇ। ਕੰਬੋਜ ਧਰਮਸ਼ਾਲਾ ਕੁਰੂਕਸ਼ੇਤਰ ’ਚ ਜਥੇਦਾਰ ਦੀਦਾਰ ਸਿੰਘ ਨਲਵੀ ਨੇ ਸੰਸਥਾ ਦੀ ਕੋਰ ਕਮੇਟੀ ਦੇ ਨਾਲ ਬੈਠਕ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦਸੰਬਰ ਦੇ ਪਹਿਲੇ ਹਫਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਕਰਾਏ ਤਾਂ ਜੋ ਸੰਗਤ ਵਲੋਂ ਚੁਣੀ ਕਮੇਟੀ ਗੁਰੂ ਘਰਾਂ ਦਾ ਪ੍ਰਬੰਧ ਖੁਦ ਚਲਾਏ।
ਉਨ੍ਹਾਂ ਦੱਸਿਆ ਕਿ ਉਹ ਇਸ ਸੰਦਰਭ ਵਿਚ ਮੁੱਖ ਮੰਤਰੀ ਨੂੰ ਪੱਤਰ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਸਾਹਮਣੇ ਇਹ ਮੰਗ ਰੱਖੀ ਗਈ ਸੀ। ਨਲਵੀ ਨੇ ਕਿਹਾ ਕਿ ਸਿੱਖ ਸਮਾਜ ਸੰਸਥਾ ਦਾ ਪ੍ਰਤੀਨਿੱਧ ਮੰਡਲ 31 ਅਕਤੂਬਰ ਤਕ ਮੁੱਖ ਮੰਤਰੀ ਨੂੰ ਮਿਲੇਗਾ ਤੇ ਚੋਣਾਂ ਜਲਦ ਕਰਾਏ ਜਾਣ ਦੀ ਮੰਗ ਉਨ੍ਹਾਂ ਸਾਹਮਣੇ ਰੱਖੀ ਜਾਏਗੀ।
ਚੋਣਾਂ ਛੇਤੀ ਕਰਵਾਉਣ ਦਾ ਵਾਅਦਾ ਪੂਰਾ ਕਰੇ ਸਰਕਾਰ: ਝੀਂਡਾ
ਪੰਥਕ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਡੇਰਾ ਕਾਰ ਸੇਵਾ ਵਿਚ ਸੰਗਠਨ ਦੀ ਕੋਰ ਕਮੇਟੀ ਦੀ ਬੈਠਕ ਕਰਕੇ ਮੀਡੀਆ ਨਾਲ ਗੱਲਬਾਤ ਕੀਤੀ। ਝੀਂਡਾ ਨੇ ਕਿਹਾ ਕਿ ਉਨ੍ਹਾਂ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ ਸੀ ਤੇ ਉਨ੍ਹਾਂ ਨੇ ਚੋਣਾਂ ਛੇਤੀ ਕਰਾਉਣ ਦਾ ਭਰੋਸਾ ਦਿੱਤਾ ਸੀ ਪਰ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਇਹ ਕੰਮ ਵਿਚਾਲੇ ਰਹਿ ਗਿਆ। ਉਨ੍ਹਾਂ ਕਿਹਾ ਕਿ ਹੁਣ ਮੁੜ ਮੁੱਖ ਮੰਤਰੀ ਨਾਇਬ ਸਿੰਘ ਦੀ ਸਰਕਾਰ ਆਈ ਹੈ ਤੇ ਹੁਣ ਉਨ੍ਹਾਂ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਫਿਰ ਮੁੱਖ ਮੰਤਰੀ ਨੂੰ ਪੱਤਰ ਲਿਖਣਗੇ ਤੇ ਕਿਹਾ ਕਿ ਜੇ ਮਿਥੇ ਸਮੇਂ ਵਿਚ ਚੋਣਾਂ ਦਾ ਐਲਾਨ ਨਾ ਕੀਤਾ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਾਉਣ ਦੀ ਮੰਗ ਵੀ ਕਰਨਗੇ।