ਝੋਨੇ ਦੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੀ ਮੰਗ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਸਤੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਪਰ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਡੀ ਦਿੱਕਤ ਖੜ੍ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਥਾਂ ਸਰਕਾਰ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ। ਉਨ੍ਹਾਂ ਡੀਏਪੀ ਖਾਦ ਦੀ ਘਾਟ ਤੁਰੰਤ ਪੂਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਸਪਸ਼ਟ ਕੀਤਾ ਕਿ ਪੰਚਾਇਤੀ ਚੋਣਾਂ ਵਿੱਚ ਜਥੇਬੰਦੀ ਦੀ ਕੋਈ ਵੀ ਇਕਾਈ ਅਤੇ ਬਲਾਕ ਆਗੂ ਸ਼ਮੂਲੀਅਤ ਨਹੀਂ ਕਰੇਗਾ। ਮੀਟਿੰਗ ਵਿੱਚ ਬਲਾਕ ਆਗੂ ਰਘਬੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ ਆਦਿ ਹਾਜ਼ਰ ਸਨ।