For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਰੱਦ ਕਰਨ ਦੀ ਮੰਗ

07:00 AM Jul 01, 2024 IST
ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਰੱਦ ਕਰਨ ਦੀ ਮੰਗ
ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਵਿੱਚ ਸ਼ਾਮਲ ਅਧਿਆਪਕ ਆਗੂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿੱਚ ਹੋਈ। ਇਸ ਮੌਕੇ ਅਧਿਆਪਕਾਂ ਨਾਲ ਜੁੜੇ ਵੱਖ ਵੱਖ ਮਸਲਿਆਂ ਸਣੇ ਆਰਜ਼ੀ ਡਿਊਟੀਆਂ ਰੱਦ ਕਰਕੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਕਾਰਜਕਾਰੀ ਜਨਰਲ ਸਕੱਤਰ ਪਰਵੀਨ ਕੁਮਾਰ, ਮਨੀਸ਼ ਸ਼ਰਮਾ, ਜਗਮੇਲ ਸਿੰਘ ਪੱਖੋਵਾਲ ਤੇ ਟਹਿਲ ਸਿੰਘ ਸਰਾਭਾ ਨੇ ਮੰਗ ਕੀਤੀ ਕਿ ਸਾਲ 2023-24 ਦੌਰਾਨ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ’ਤੇ ਖਾਲੀ ਪਈਆਂ ਅਸਾਮੀਆਂ ਕਾਰਨ ਵੱਖ ਵੱਖ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਆਰਜ਼ੀ ਪ੍ਰਬੰਧ ਡਿਊਟੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇਹ ਡਿਊਟੀਆਂ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਪ੍ਰਾਈਮਰੀ ਅਤੇ ਸੈਕੰਡਰੀ ਸਕੂਲ ਪੱਧਰ ’ਤੇ ਦਸੰਬਰ ਮਹੀਨੇ ਤੋਂ 31 ਮਾਰਚ ਤੱਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਗਾਈਆਂ ਗਈਆਂ ਸਨ। ਇਸ ਉਪਰੰਤ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਲਈ ਫਾਰਗ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਆਰਜੀ ਐਡਜਸਟਮੈਂਟਾਂ ਰੱਦ ਕਰਕੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਵਾਪਸ ਭੇਜਣ, ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਪੱਕੀ ਭਰਤੀ ਕਰਨ, ਤਬਾਦਲਾ ਨੀਤੀ ਅਨੁਸਾਰ ਲੋੜਵੰਦ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ, ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਦੇਣ, ਮਿਡਲ ਸਕੂਲਾਂ ਵਿੱਚੋਂ ਖਤਮ ਕੀਤੀਆਂ ਗਈਆਂ ਪੀਟੀਆਈ ਤੇ ਡਰਾਇੰਗ ਟੀਚਰ ਦੀਆਂ ਅਸਾਮੀਆਂ ਤੁਰੰਤ ਬਹਾਲ ਕਰਨ, ਸੈਕੰਡਰੀ ਵਿਭਾਗ ਵਿੱਚ ਵਿਸ਼ੇ ਅਨੁਸਾਰ ਅਸਾਮੀਆਂ ਭਰਨ, ਲੈਕਚਰਾਰਾਂ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕਰਨ। ਇਸ ਮੌਕੇ ਚਰਨ ਸਿੰਘ ਤਾਜਪੁਰੀ, ਬਲਬੀਰ ਸਿੰਘ ਕੰਗ, ਸਤਵਿੰਦਰਪਾਲ ਸਿੰਘ ਪੀਟੀਆਈ, ਸੁਖਵਿੰਦਰ ਸਿੰਘ ਬੁਰਜ ਲਿਟਾਂ, ਕੁਲਦੀਪ ਸਿੰਘ ਬਲਾਕ ਪੱਖੋਵਾਲ ਪ੍ਰਧਾਨ, ਜ਼ੋਰਾ ਸਿੰਘ ਬੱਸੀਆਂ, ਨਰਿੰਦਰਪਾਲ ਸਿੰਘ, ਜਗਦੀਸ਼ ਸਿੰਘ ਅਤੇ ਕ੍ਰਿਸ਼ਨ ਕੁਮਾਰ ਹਾਜ਼ਰ ਸਨ।

Advertisement

ਸੇਵਾਮੁਕਤ ਅਧਿਆਪਕਾਂ ਨੂੰ ਪੂਰੀ ਗਰੈਚੁਟੀ ਨਾ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ

ਲੁਧਿਆਣਾ (ਖੇਤਰੀ ਪ੍ਰਤੀਨਿਧ): ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਜ਼ ਪੰਜਾਬ ਅਤੇ ਚੰਡੀਗੜ੍ਹ (ਏਯੂਸੀਟੀ) ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਊਪ ਕੁਲਪਤੀ ਨੂੰ ਉਨ੍ਹਾਂ ਕਾਲਜ/ਪ੍ਰਿੰਸੀਪਲਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ ਜਿਹੜੇ ਅਧਿਆਪਕਾਂ ਨੂੰ ਸੇਵਾਮੁਕਤ ਹੋਣ ਮਗਰੋਂ ਪੂਰੀ ਗਰੈਚੁਟੀ ਨਹੀਂ ਦੇ ਰਹੇ। ਜਥੇਬੰਦੀ ਦੇ ਸਕੱਤਰ ਪ੍ਰੋ. ਜਸਪਾਲ ਸਿੰਘ ਅਤੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਗਿਆ ਕਿ ਯੂਨੀਵਰਸਿਟੀ ਅਧੀਨ ਆਉਂਦੇ ਸਾਰੇ ਕਾਲਜਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸੇਵਾਮੁਕਤ ਅਧਿਆਪਕਾਂ ਨੂੰ ਗਰੈਚੁਟੀ 1/1/2016 ਤੋਂ 10 ਲੱਖ਼ ਦੀ ਥਾਂ 20 ਲੱਖ ਰੁਪਏ ਦਿੱਤੀ ਜਾਵੇਗੀ। ਪ੍ਰੋ. ਘਈ ਨੇ ਦੱਸਿਆ ਕਿ 2016 ਮਗਰੋਂ ਸੈਂਕੜੇ ਅਧਿਆਪਕ ਸੇਵਾਮੁਕਤ ਹੋ ਚੁੱਕੇ ਹਨ ਪਰ ਪੰਜਾਬ ਦੇ ਕਿਸੇ ਵੀ ਕਾਲਜ ਅਤੇ ਚੰਡੀਗੜ੍ਹ ਦੇ ਇੱਕ ਦੋ ਕਾਲਜਾਂ ਨੂੰ ਛੱਡ ਕੇ ਕਿਸੇ ਕਾਲਜ ਨੇ ਵੀ ਯੂਨੀਵਰਸਿਟੀ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਘਈ ਨੇ ਦੱਸਿਆ ਕਿ ਪਿਛਲੇ 15 ਸਾਲਾਂ ਵਿੱਚ ਕਾਲਜਾਂ ਨੇ ਕਰੋੜਾਂ ਰੁਪਏ ਇਸ ਫੰਡ ਅਧੀਨ ਇਕੱਠੇ ਕੀਤੇ ਹਨ ਪਰ ਅਧਿਆਪਕਾਂ ਦੇ ਸੇਵਾਮੁਕਤ ਹੋਣ ’ਤੇ ਉਨ੍ਹਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਜਾਂਦਾ ਹੈ ਕਿ ਕਾਲਜ ਕੋਲ ਪੈਸੇ ਨਹੀਂ ਹਨ। ਘਈ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਕਾਲਜਾਂ ਕੋਲ ਪੈਸੇ ਨਹੀਂ ਹਨ ਤਾਂ ਪ੍ਰਿੰਸੀਪਲਾਂ ਨੂੰ ਵੱਡੀਆਂ ਕਾਰਾਂ ਵਿਦਿਆਰਥੀਆਂ ਦੇ ਪੈਸੇ ਵਿੱਚੋਂ ਕਿਵੇਂ ਲੈਕੇ ਦਿੱਤੀਆਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰੋ. ਜਸਪਾਲ ਨੇ ਦੱਸਿਆ ਕਿ ਉਨ੍ਹਾਂ ’ਵਰਸਿਟੀ ਦੇ ਉਪ ਕੁਲਪਤੀ ਨੂੰ ਲਿਖਿਆ ਹੈ ਕਿ ਅਜਿਹੇ ਕਾਲਜ/ ਪ੍ਰਿੰਸੀਪਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੇਵਾਮੁਕਤ ਅਧਿਆਪਕਾਂ ਨੂੰ ਪੂਰੀ ਗਰੈਚੁਟੀ ਦਿਵਾਈ ਜਾਵੇ।

Advertisement
Author Image

Advertisement
Advertisement
×