ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ ਦੀ ਮੰਗ
ਸਰਬਜੀਤ ਸਿੰਘ ਭੰਗੂ
ਪਟਿਆਲਾ 22 ਨਵੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ ਦੀ ਤਾਇਨਾਤੀ ਦੀ ਮੰਗ ਨੂੰ ਲੈ ਕੇ ‘ਸੈਫੀ’ ਨਾਮ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਕੜੀ ਵਜੋਂ ਅੱਜ ‘ਯੂਨੀਵਰਸਿਟੀਆਂ ਬਚਾਓ ਪੰਜਾਬ ਬਚਾਓ’ ਦੇ ਨਾਅਰੇ ਹੇਠਾਂ ਅੱਜ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੀ ਅਗਵਾਈ ਕਰਦਿਆਂ ਜਥੇਬੰਦੀ ਦੇ ਬੁਲਾਰੇ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇਸ ਵੇਲੇ ਸੂਬੇ ਦੀਆਂ ਅੱਧੀ ਦਰਜਨ ਯੂਨੀਵਰਸਿਟੀਆਂ ਰੈਗੂਲਰ ਵੀਸੀ ਤੋਂ ਬਿਨਾ ਚੱਲ ਰਹੀਆਂ ਹਨ ਤੇ ‘ਆਪ’ ਸਰਕਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਨੂੰ ਜਾਣ-ਬੁੱੱਝ ਕੇ ਨਿਘਾਰ ਵੱਲ ਨੂੰ ਧੱਕ ਰਹੀ ਹੈ ਤਾਂ ਜੋ ਇਸ ਬਹਾਨੇ ਇਨ੍ਹਾਂ ਅਦਾਰਿਆਂ ਦਾ ਨਿੱਜੀਕਰਨ ਕਰਕੇ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੈਗੂਲਰ ਵਾਈਸ ਚਾਂਸਲਰ ਦਾ ਅਹੁਦਾ 25 ਅਪਰੈਲ ਤੋਂ ਖਾਲੀ ਪਿਆ ਹੈ ਤੇ ਕਾਰਜਕਾਰੀ ਵੀਸੀ ਵਜੋਂ ਕਾਰਜਸ਼ੀਲ ਆਈਏਐੱਸ ਕੇਕੇ ਯਾਦਵ ਕੋਲ ਚੰਡੀਗੜ੍ਹ ਦੀਆਂ ਵੀ ਵੱਡੀਆਂ ਜ਼ਿੰਮੇਵਾਰੀਆਂ ਹੋਣ ਕਰਕੇ ਉਹ ਇੱਥੇ ਪੂਰਾ ਸਮਾਂ ਅਤੇ ਧਿਆਨ ਨਹੀਂ ਦੇ ਪਾ ਰਹੇ, ਜਿਸ ਕਰਕੇ ਯੂਨੀਵਰਸਿਟੀ ਨਾਲ ਜੁੜਿਆ ਹਰੇਕ ਵਰਗ ਖੱਜਲ-ਖੁਆਰੀ ਦਾ ਸ਼ਿਕਾਰ ਹੋ ਰਿਹਾ ਹੈ।
ਯਾਦਵਿੰਦਰ ਯਾਦੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ੍ਰੀ ਗੁਰੂ ਤੇਗ਼ ਬਹਾਦੁਰ ਸਟੇਟ ਯੂਨੀਵਰਸਿਟੀ ਆਫ਼ ਲਾਅ ਤਰਨਤਾਰਨ ਅਤ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਬਿਨਾਂ ਰੈਗੂਲਰ ਵੀਸੀ ਤੋਂ ਕੰਮ ਕਰ ਰਹੀਆਂ ਹਨ। ਇਸ ਮੌਕੇ ਸੁਪਿੰਦਰ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਕੀਰਤ ਸਿੰਘ, ਰਿਸ਼ਭ ਸਿੰਘ, ਜਸ਼ਨਦੀਪ ਖੁੱਡੀਆਂ, ਖੁਸ਼ਪ੍ਰੀਤ ਸਿੰਘ, ਪੁਨੀਤ ਸਿੰਘ, ਕਰਨ, ਮਨਜਿੰਦਰਜੋਤ ਸਿੰਘ ਅਤੇ ਗੁਰਬਾਜ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਰੈਗੂਲਰ ਵੀਸੀ ਦੀ ਅਣਹੋਂਦ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਤੇ ਮਸਲਿਆਂ ਸਣੇ ਮੰਗਾਂ ਹੱਲ ਨਹੀਂ ਹੋ ਰਹੀਆਂ। ਪ੍ਰੀਖਿਆ ਸ਼ਾਖਾ ਕੋਲ਼ ਡਿਗਰੀਆਂ/ਸਰਟੀਫਿਕੇਟ ਜਾਰੀ ਕਰਨ ਵਾਲੇ ਕਾਗ਼ਜ਼ ਤੱਕ ਨਹੀਂ ਹਨ।
ਇਸ ਸਬੰਧੀ ਪਿਛਲੇ ਹਫ਼ਤੇ ਸੈਫੀ ਵੱਲੋਂ ‘ਵਾਈਸ ਚਾਂਸਲਰ ਦੀ ‘ਗੁੰਮਸ਼ੁਦਗੀ’ ਸਬੰਧੀ ਪੋਸਟਰ ਲਾ ਕੇ ਰੋਸ ਦਾ ਇਜ਼ਹਾਰ ਕੀਤਾ ਗਿਆ ਸੀ। ਰੈਗੂਲਰ ਵਾਈਸ ਚਾਂਸਲਰ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਵੱਡੇ ਪੱਧਰ ’ਤੇ ਖੱਜਲ ਖੁਆਰੀ ਹੋ ਰਹੀ ਹੈ। ਯੂਨੀਵਰਸਿਟੀ ਨੂੰ ਬਿਨਾ ਰੈਗੂਲਰ ਵੀਸੀ ਤੋਂ ਚੱਲਦਿਆਂ ਸੱਤ ਮਹੀਨੇ ਹੋ ਜਾਣਗੇ ਅਤੇ ਕਾਰਜਕਾਰੀ ਵੀਸੀ ਦੇ ਕਾਰਜਕਾਲ ’ਚ ਕੀਤਾ ਗਿਆ ਚੌਥਾ ਵਾਧਾ ਵੀ 25 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।