ਵਿਨੇਸ਼ ਦੇ ਸਹਿਯੋਗੀ ਸਟਾਫ ਖ਼ਿਲਾਫ਼ ਕਾਰਵਾਈ ਦੀ ਮੰਗ
ਪੈਰਿਸ, 7 ਅਗਸਤ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਸੰਜੇ ਸਿੰਘ ਨੇ ਅੱਜ ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕ ਵਿੱਚੋਂ ਬਾਹਰ ਹੋਣ ਮਗਰੋਂ ਉਸ ਨਾਲ ਜੁੜੇ ਸਹਿਯੋਗੀ ਸਟਾਫ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਫਾਈਨਲ ਤੋਂ ਪਹਿਲਾਂ ਵਜ਼ਨ ਨੂੰ ਦਾਇਰੇ ਵਿੱਚ ਰੱਖਣ ਦੀ ਗਲਤੀ ਸਵੀਕਾਰਯੋਗ ਨਹੀਂ ਹੈ। ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਖ਼ਿਲਾਫ਼ ਸੋਨ ਤਗ਼ਮੇ ਦੇ ਮੁਕਾਬਲੇ ਤੋਂ ਕੁੱਝ ਘੰੰਟੇ ਪਹਿਲਾਂ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ, ਜਿਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਿਆ। ਵਜ਼ਨ ਜੋਖਣ ਦੀ ਪ੍ਰਕਿਰਿਆ ਦੇ ਦੂਜੇ ਦਿਨ ਉਸ ਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ ਅਤੇ ਇਸ ਦੇ ਨਤੀਜੇ ਵਜੋਂ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ। ਵਿਨੇਸ਼ ਬੈਲਜੀਅਮ ਦੇ ਆਪਣੇ ਨਿੱਜੀ ਕੋਚ ਵੋਲੇਰ ਅਕੋਸ ਨਾਲ ਟਰੇਨਿੰਗ ਕਰ ਰਹੀ ਹੈ ਅਤੇ ਉਸ ਨੇ ਦੱਖਣੀ ਅਫਰੀਕੀ ਮਾਨਸਿਕ ਅਨੁਕੂਲਨ ਕੋਚ ਵੇਨ ਲੋਮਬਾਰਡ ਨਾਲ ਵੀ ਕੰਮ ਕੀਤਾ ਹੈ।
ਸੰਜੇ ਸਿੰਘ ਨੇ ਕਿਹਾ, ‘‘ਇਹ ਵਿਨੇਸ਼ ਦੀ ਗਲਤੀ ਨਹੀਂ ਹੈ। ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਕੋਚ, ਸਹਿਯੋਗੀ ਸਟਾਫ, ਫਿਜ਼ੀਓ ਅਤੇ ਪੋਸ਼ਣ ਮਾਹਿਰਾਂ ਨੂੰ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਹਰ ਸਮੇਂ ਉਸ ’ਤੇ ਧਿਆਨ ਦੇਣਾ ਚਾਹੀਦਾ ਸੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਅਜਿਹਾ ਕੁੱਝ ਨਾ ਹੋਵੇ। ਇਹ ਕਿਵੇਂ ਹੋਇਆ ਅਤੇ ਕਿਵੇਂ ਵਜ਼ਨ ਸੀਮਾ ਤੋਂ ਵੱਧ ਹੋ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।’’ ਡਬਲਿਊਐੱਫਆਈ ਪ੍ਰਧਾਨ ਨੇ ਕਿਹਾ, ‘‘ਮੈਂ ਭਾਰਤ ਸਰਕਾਰ ਨੂੰ ਸਾਰੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।’’
ਡਬਲਿਊਐੱਫਆਈ ਪ੍ਰਧਾਨ ਨੇ ਕਿਹਾ ਕਿ ਫੈਡਰੇਸ਼ਨ ਅੱਗੇ ਤੋਂ ਸਿਰਫ਼ ਯੂਡਬਲਿਊਡਬਲਿਊ (ਯੂਨਾਈਟਿਡ ਵਰਲਡ ਰੈਸਲਿੰਗ) ਤੋਂ ਮਾਨਤਾ ਪ੍ਰਾਪਤ ਕੋਚ ਨੂੰ ਹੀ ਭਾਰਤੀ ਪਹਿਲਵਾਨਾਂ ਨੂੰ ਸਿਖਲਾਈ ਦੇਣ ਦੀ ਆਗਿਆ ਦੇਵੇਗਾ। ਸੰਜੈ ਸਿੰਘ ਨੇ ਕਿਹਾ, ‘‘ਭਾਰਤੀ ਕੁਸ਼ਤੀ ਫੈਡਰੇਸ਼ਨ ਯੂਡਬਲਿਊਡਬਲਿਊ ਦੇ ਲੈਵਲ ਇੱਕ ਅਤੇ ਲੈਵਲ ਦੋ ਕੋਰਸ ਪਾਸ ਕਰਨ ਵਾਲੇ ਕੋਚ ਨੂੰ ਨਿਯੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪਹਿਲਵਾਨ ਡਬਲਿਊਐੱਫਆਈ ਦੇ ਕੋਚ ਅਤੇ ਯੂਡਬਲਿਊਡਬਲਿਊ ਦੇ ਅਧਿਕਾਰੀਆਂ ਨਾਲ ਅਭਿਆਸ ਕਰਨ ਤਾਂ ਕਿ ਅਜਿਹੀ ਘਟਨਾ ਫਿਰ ਕਦੇ ਨਾ ਵਾਪਰੇ।’’ ਵਿਸ਼ੇਸ਼ ਤੌਰ ’ਤੇ ਪੁੱਛੇ ਜਾਣ ਕਿ ਕੀ ਡਬਲਿਊਐੱਫਆਈ ਵਿਅਕਤੀਗਤ ਕੋਚ ਨੂੰ ਇਜਾਜ਼ਤ ਦੇਵੇਗਾ ਜਾਂ ਨਹੀਂ, ਸੰਜੈ ਨੇ ਕਿਹਾ ਕਿ ਇਸ ਮਾਮਲੇ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਪੂਰੀ ਡਬਲਿਊਐੱਫਆਈ ਕਮੇਟੀ ਤੈਅ ਕਰੇਗੀ ਕਿ ਇਸ ਮਾਮਲੇ ਵਿੱਚ ਅੱਗੇ ਕਿਵੇਂ ਵਧਣਾ ਹੈ।’’ ਸੰਜੇ ਸਿੰਘ ਨੇ ਕਿਹਾ ਕਿ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨਾਲ ਮੀਟਿੰਗ ਕਰ ਰਹੇ ਹਨ ਅਤੇ ਉਹ ਯੂਡਬਲਿਊਡਬਲਿਊ ਪ੍ਰਧਾਨ ਨੇਨਾਦ ਲਾਲੋਵਿਕ ਨਾਲ ਸੰਪਰਕ ਕਰਨਗੇ ਕਿ ਕੀ ਕੁੱਝ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਆਈਓਏ ਅਤੇ ਯੂਡਬਲਿਊਡਬਲਿਊ ਨਾਲ ਗੱਲਬਾਤ ਕੀਤੀ ਅਤੇ ਮੈਂ ਪੱਤਰ ਵੀ ਭੇਜੇ, ਜਿਸ ਵਿੱਚ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਉਸ ਨੂੰ ਮੁਕਾਬਲਾ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ।’’
ਇਸੇ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵਿਨੇਸ਼ ਨੂੰ ਖੇਡਾਂ ਦੀ ਤਿਆਰੀ ਲਈ ਸਿਖਲਾਈ ਅਤੇ ਵਿਦੇਸ਼ ਵਿੱਚ ਮੁਕਾਬਲਿਆਂ ਲਈ 70 ਲੱਖ ਰੁਪਏ ਦੀ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਸੀ, ਜਿੱਥੇ ਉਸ ਨੇ ਆਪਣੇ ਸਹਿਯੋਗੀ ਸਟਾਫ ਨਾਲ ਯਾਤਰਾ ਕੀਤੀ ਸੀ। ਖੇਡ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਦੌਰਾਨ ਉਸ ਨੂੰ ਇੱਕ ਕਰੋੜ 13 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਗਈ ਸੀ। -ਪੀਟੀਆਈ
ਓਲੰਪਿਕ ਦਾ ਬਾਈਕਾਟ ਕਰੇ ਭਾਰਤ: ਸੰਜੇ ਸਿੰਘ
ਨਵੀਂ ਦਿੱਲੀ (ਪੱਤਰ ਪ੍ਰੇਰਕ):
‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਵੱਧ ਵਜ਼ਨ ਹੋਣ ਕਰ ਕੇ ਅਯੋਗ ਠਹਿਰਾਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਵਿਨੇਸ਼ ਦੇ ਨਾਲ ਖੜ੍ਹਾ ਹੈ, ਭਾਰਤ ਸਰਕਾਰ ਨੂੰ ਫੌਰੀ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਦੀ ਗੱਲ ਨਹੀਂ ਮੰਨੀ ਗਈ ਤਾਂ ਓਲੰਪਿਕ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਪੂਰੀ ਦੁਨੀਆ ਵਿੱਚ ਇਤਿਹਾਸ ਸਿਰਜਣ ਜਾ ਰਹੀ ਸੀ। ਸੰਜੇ ਸਿੰਘ ਨੇ ਕਿਹਾ ਕਿ ਇਹ ਵਿਨੇਸ਼ ਦਾ ਹੀ ਨਹੀਂ, ਸਗੋਂ ਦੇਸ਼ ਦਾ ਵੀ ਅਪਮਾਨ ਹੈ। ਉਸ ਨੂੰ 100 ਗ੍ਰਾਮ ਵੱਧ ਵਜ਼ਨ ਕਾਰਨ ਅਯੋਗ ਕਰਾਰ ਦੇਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ।
ਭਾਰਤੀ ਕੋਚਾਂ ਵੱਲੋਂ ਵਿਨੇਸ਼ ਨਾਲ ਮੁਲਾਕਾਤ
ਪੈਰਿਸ:
ਕੁਸ਼ਤੀ ਮੁਕਾਬਲੇ ਦੇ ਫਾਈਨਲ ’ਚੋਂ ਬਾਹਰ ਕੀਤੇ ਜਾਣ ਮਗਰੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨਾਲ ਮੁਲਾਕਾਤ ਕਰਨ ਗਏ ਭਾਰਤੀ ਕੋਚਾਂ ਨੂੰ ਉਸ ਨੇ ਕਿਹਾ, ‘‘ਇਹ ਖੇਡ ਦਾ ਹਿੱਸਾ ਹੈ।’’ ਮਹਿਲਾਵਾਂ ਦੇ ਨੈਸ਼ਨਲ ਕੋਚ ਵੀਰੇਂਦਰ ਦਾਹੀਆ ਅਤੇ ਮਨਜੀਤ ਰਾਣੀ ਨੇ ਵਿਨੇਸ਼ ਨਾਲ ਮੁਲਾਕਾਤ ਕੀਤੀ। ਵੀਰੇਂਦਰ ਨੇ ਮੁਲਾਕਾਤ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘‘ਖ਼ਬਰ ਮਿਲਣ ’ਤੇ ਲੜਕੀਆਂ ਬਹੁਤ ਉਦਾਸ ਸਨ। ਅਸੀਂ ਵਿਨੇਸ਼ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਉਹ ਹਿੰਮਤ ਵਾਲੀ ਹੈ। ਉਸ ਨੇ ਸਾਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਸੀਂ ਤਗ਼ਮੇ ਤੋਂ ਖੁੰਝ ਗਏ ਪਰ ਇਹ ਖੇਡ ਦਾ ਹਿੱਸਾ ਹੈ।’’ -ਪੀਟੀਆਈ
ਭਾਰਤ ਨੂੰ ਸਖ਼ਤ ਵਿਰੋਧ ਦਰਜ ਕਰਨਾ ਚਾਹੀਦਾ ਹੈ: ਗਾਵਸਕਰ
ਮੁੰਬਈ:
ਆਪਣੇ ਜ਼ਮਾਨੇ ਦੇ ਦਿੱਗਜ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿੱਚ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਇਸ ਦਾ ਸਖ਼ਤ ਵਿਰੋਧ ਦਰਜ ਕਰਨਾ ਚਾਹੀਦਾ ਹੈ। ਗਾਵਰਕਰ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਮੰਦਭਾਗਾ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਸਭ ਤੋਂ ਵੱਡੀ ਨਾਇਨਸਾਫ਼ੀ ਹੈ। ਮੈਨੂੰ ਉਮੀਦ ਹੈ ਕਿ ਅਧਿਕਾਰੀ ਧਿਆਨ ਦੇਣਗੇ ਅਤੇ ਇਸ ਦਾ ਸਖ਼ਤ ਵਿਰੋਧ ਦਰਜ ਕਰਵਾਉਗੇ ਕਿਉਂਕਿ ਇਹ ਸ਼ੁਰੂਆਤੀ ਗੇੜ ਦਾ ਮੁਕਾਬਲਾ ਨਹੀਂ ਹੈ।’’ ਗਾਵਸਕਰ ਨੇ ਕਿਹਾ, ‘‘ਅਸੀਂ ਤਗ਼ਮਾ ਗੇੜ ਦੀ ਗੱਲ ਕਰ ਰਹੇ ਹਾਂ ਅਤੇ ਇਸ ਲਈ ਭਾਰਤ ਵਿੱਚ ਕਿਸੇ ਨੂੰ ਵੀ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਓਲੰਪਿਕ ਐਸੋਸੀਏਸ਼ਨ ਹੋਵੇ ਜਾਂ ਭਾਰਤ ਸਰਕਾਰ।’’ -ਪੀਟੀਆਈ