ਜਾਅਲੀ ਦਵਾਈਆਂ ਤੇ ਖਾਦਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਪੱਤਰ ਪ੍ਰੇਰਕ
ਮਾਨਸਾ, 31 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਖਾਦਾਂ, ਕੀੜੇਮਾਰ ਦਵਾਈਆਂ ਅਤੇ ਘਟੀਆ ਕਿਸਮ ਦੇ ਬੀਜ ਵੇਚਣ ਵਾਲੀਆਂ ਖ਼ਿਲਾਫ਼ ਵਿੱਢੀ ਮੁਹਿੰਮ ਸਵਾਗਤ ਕਰਦਿਆਂ ਇਸ ਨੂੰ ਤੇਜ਼ ਕਰਨ ਦੀ ਮੰਗ ਕੀਤੀ ਗਈ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਨਕਲੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਛਾਪੇ ਮਾਰਨ ਦੀ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਜਾਵੇ ਅਤੇ ਘਟੀਆ ਕਿਸਮ ਦੀਆਂ ਦਵਾਈਆਂ ਅਤੇ ਬੀਜ ਵੇਚਣ ਵਾਲਿਆਂ ਦੇ ਲਾਇਸੈਂਸ ਸਦਾ ਲਈ ਰੱਦ ਕੀਤੇ ਜਾਣ।
ਜਥੇਬੰਦੀ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਨੇ ਕਿਹਾ ਕਿ ਜੋ ਕੰਪਨੀਆਂ ਘਟੀਆ ਕਿਸਮ ਦਾ ਮਾਲ ਸਪਲਾਈ ਕਰਦੀਆਂ ਹਨ, ਉਨ੍ਹਾਂ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਵੱਲੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਛਾਪਣ ਵਾਲੇ ਪੱਤਰਕਾਰਾਂ ਨੂੰ ਕੇਸਾਂ ਵਿੱਚ ਉਲਝਾਉਣ ਦੀਆਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਕਿਸਾਨ ਆਗੂਆਂ ਪੈਸਟੀਸਾਈਡ ਯੂਨੀਅਨ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਘਟੀਆ ਦਵਾਈਆਂ ਅਤੇ ਬੀਜ ਵੇਚਣ ਵਾਲਿਆਂ ਦੀ ਮਦਦ ਨਾ ਕਰਨ, ਸਗੋਂ ਉਨ੍ਹਾਂ ਖ਼ਿਲਾਫ਼ ਯੂਨੀਅਨ ਦੇ ਜ਼ਾਬਤੇ ਦੀ ਕਾਰਵਾਈ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਪਹਿਲਾਂ ਹੀ ਕਿਸਾਨੀ ਘਾਟੇ ਦਾ ਧੰਦਾ ਬਣ ਚੁੱਕੀ ਹੈ।