ਸੁਵਿਧਾ ਫੀਸ ਵਸੂਲਣ ਵਾਲੇ ਨੰਬਰਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਪੱਤਰ ਪ੍ਰੇਰਕ
ਯਮੁਨਾਨਗਰ, 23 ਜੁਲਾਈ
ਹਰਿਆਣਾ ਨੰਬਰਦਾਰ ਐਸੋਸੀਏਸ਼ਨ ਨੇ ਸੁਵਿਧਾ ਫੀਸ ਵਸੂਲਣ ਵਾਲੇ ਨੰਬਰਦਾਰਾਂ ਖ਼ਿਲਾਫ਼ ਕਾਰਵਾਈ ਕਰਨ ਸਮੇਤ ਇਲਾਕੇ ਦੀਆਂ ਹੋਰ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਸੂਬਾਈ ਬੁਲਾਰੇ ਸ਼ਿਵ ਕੁਮਾਰ ਸੰਧਲਾ, ਜ਼ਿਲ੍ਹਾ ਪ੍ਰਧਾਨ ਸੁਖਬੀਰ ਦਮੌਲੀ, ਰਾਦੌਰ ਤਹਿਸੀਲ ਮੁਖੀ ਨਾਇਬ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਿਸ਼ੀ ਪਾਲ, ਰਾਦੌਰ ਉਪ ਪ੍ਰਧਾਨ ਬਲਰਾਮ ਤੇ ਅਰੁਣ ਨੰਬਰਦਾਰ, ਰੋਸ਼ਨ ਲਾਲ, ਮਕਸੂਦ ਤੇ ਹੋਰਨਾਂ ਨੇ ਦੱਸਿਆ ਕਿ ਹਾਈ ਕੋਰਟ ਦੇ ਇੱਕ ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਕੁਝ ਨੰਬਰਦਾਰ ਦਸਤਾਵੇਜ਼ ਦੀ ਤਸਦੀਕ ਜਾਂ ਪਛਾਣ ਕਰਨ ਲਈ ਸੁਵਿਧਾ ਫੀਸ ਵਸੂਲ ਕਰਦੇ ਹਨ ਜੋ ਕਿ ਇੱਕ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਟਿੱਪਣੀ ਸਾਹਮਣੇ ਆਉਣ ਨਾਲ ਜਿੱਥੇ ਨੰਬਰਦਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਉੱਥੇ ਉਨ੍ਹਾਂ ਦਾ ਮਾਣ ਘਟਿਆ ਹੈ ਕਿਉਂਕਿ ਨੰਬਰਦਾਰ ਪ੍ਰਸ਼ਾਸਨ ਅਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਦਾ ਹੈ। ਨੰਬਰਦਾਰ ਇਮਾਨਦਾਰ ਅਤੇ ਸਾਫ਼ ਸੁਥਰੇ ਅਕਸ ਵਾਲਾ ਵਿਅਕਤੀ ਹੁੰਦਾ ਹੈ, ਜਿਸ ਤੋਂ ਸਮਾਜ ਦੇ ਹੋਰ ਲੋਕ ਵੀ ਉਸ ਤੋਂ ਪ੍ਰੇਰਨਾ ਲੈਂਦੇ ਹਨ । ਜਦੋਂ ਵੀ ਉਹ ਕੋਈ ਸੇਵਾ ਕਰਦਾ ਹੈ, ਭਾਵੇਂ ਉਹ ਰਜਿਸਟਰੀ ਵਿੱਚ ਮਾਨਤਾ ਹੋਵੇ ਜਾਂ ਉਸਦੀ ਮੌਤ ਵਿੱਚ ਵਿਰਾਸਤ ਦੀ ਪੁਸ਼ਟੀ ਹੋਵੇ, ਉਹ ਨਿਰਸਵਾਰਥ ਭਾਵਨਾ ਨਾਲ ਕੰਮ ਕਰਦਾ ਹੈ। ਏਨਾ ਹੀ ਨਹੀਂ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਸੀ ਭਾਈਚਾਰਾ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਕੁਦਰਤੀ ਆਫਤਾਂ ਵੇਲੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਵਿੱਚ ਸਹਿਯੋਗ ਕਰਦਾ ਹੈ। ਐਸੋਸੀਏਸ਼ਨ ਦੀ ਮੰਗ ਹੈ ਕਿ ਜੇਕਰ ਕੋਈ ਵੀ ਨੰਬਰਦਾਰ ਕਿਸੇ ਦਸਤਾਵੇਜ਼ ਦੀ ਤਸਦੀਕ ਜਾਂ ਪਛਾਣ ਕਰਨ ਬਦਲੇ ਸੁਵਿਧਾ ਫੀਸ ਵਸੂਲਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਨੰਬਰਦਾਰ ਐਸੋਸੀਏਸ਼ਨ ਨੇ ਯਮੁਨਾਨਗਰ-ਗੁਮਥਲਾ ਵਾਇਆ ਜਠਲਾਣਾ ਸੜਕ ਦੀ ਮਾੜੀ ਹਾਲਤ ਦੀ ਸਮੱਸਿਆ ਵੀ ਡੀਸੀ ਅੱਗੇ ਰੱਖੀ ਅਤੇ ਦੱਸਿਆ ਕਿ ਮੀਂਹ ਦੇ ਦਿਨਾਂ ਵਿੱਚ ਸੜਕ ’ਤੇ ਚੱਲਣਾ ਮੁਸ਼ਕਲ ਹੋ ਗਿਆ ਹੈ, ਸੜਕ ਪੂਰੀ ਤਰ੍ਹਾਂ ਟੋਇਆਂ ਵਿੱਚ ਤਬਦੀਲ ਹੋ ਚੁੱਕੀ ਹੈ ਇਸ ’ਤੇ ਡੀਸੀ ਨੇ ਭਰੋਸਾ ਦਿੱਤਾ ਕਿ ਸੜਕ ’ਤੇ ਪਏ ਟੋਇਆਂ ਨੂੰ ਭਰਨ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸੜਕ ਦੇ ਨਿਰਮਾਣ ਤੋਂ ਬਾਅਦ ਸਾਈਡਾਂ ’ਤੇ ਇੰਟਰਲੌਕਿੰਗ ਟਾਈਲਾਂ ਲਗਾਈਆਂ ਜਾਣਗੀਆਂ।