ਆਊਟਸੋਰਸ ਵਰਕਰਾਂ ਲਈ ਬਰਾਬਰ ਕੰਮ-ਬਰਾਬਰ ਤਨਖਾਹ ਦੀ ਮੰਗ
ਕੁਲਦੀਪ ਸਿੰਘ
ਚੰਡੀਗੜ੍ਹ, 22 ਸਤੰਬਰ
ਯੂਟੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ’ਤੇ ਅਧਾਰਿਤ ਕੋ-ਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਪਲਾਈਜ਼ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਦੀ ਸੱਤਵੀਂ ਡੈਲੀਗੇਟਸ ਕਾਨਫਰੰਸ ਸੈਕਟਰ 18 ਵਿੱਚ ਹੋਈ ਹੋਈ। ਕਮੇਟੀ ਆਗੂਆਂ ਸਤਿੰਦਰ ਸਿੰਘ, ਸੁਖਬੀਰ ਸਿੰਘ, ਰਾਜਿੰਦਰ ਕੁਮਾਰ, ਕਿਸ਼ੋਰੀ ਲਾਲ, ਪੰਡਿਤ ਸੁਰੇਸ਼ ਕੁਮਾਰ ਅਤੇ ਸ਼ੀਸ਼ ਪਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਵਿੱਚ 37 ਯੂਨੀਅਨਾਂ ਦੇ 500 ਡੈਲੀਗੇਟਾਂ ਅਤੇ 60 ਆਬਜ਼ਰਬਰਾਂ ਨੇ ਹਿੱਸਾ ਲਿਆ। ਕਾਨਫਰੰਸ ਦੇ ਅਰੰਭ ਵਿੱਚ ਝੰਡਾ ਲਹਿਰਾਉਣ ਦੀ ਰਸਮ ਲੇਡੀਜ਼ ਡੇਲੀਗੇਟਸ ਵੱਲੋਂ ਨਿਭਾਈ ਗਈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਾਨਫਰੰਸ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਮੁਲਾਜ਼ਮਾਂ ਅਤੇ ਵਰਕਰਾਂ ਦੇ ਭਖ਼ਦੇ ਮਸਲਿਆਂ ਦਾ ਸਮਰਥਨ ਕੀਤਾ। ਜਥੇਬੰਦੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਵੱਲੋਂ ਪਿਛਲੀ ਟਰਮ ਦੀ ਰਿਪੋਰਟ ਪੇਸ਼ ਕੀਤੀ ਗਈ। ਕਾਨਫਰੰਸ ਵਿੱਚ ਅਗਲੇ ਤਿੰਨ ਸਾਲਾਂ ਲਈ ਰਾਕੇਸ਼ ਕੁਮਾਰ ਨੂੰ ਯੂਟੀ ਮੁਲਾਜ਼ਮਾਂ ਦੀ ਨੁਮਾਇੰਦਗੀ ਸੌਂਪਦੇ ਹੋਏ ਜਨਰਲ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਹੀ ਸਤਿੰਦਰ ਸਿੰਘ ਨੂੰ ਪ੍ਰਧਾਨ ਅਤੇ ਸੁਰੇਸ਼ ਕੁਮਾਰ ਨੂੰ ਚੇਅਰਮੈਨ, ਅਨਿਲ ਕੁਮਾਰ ਨੂੰ ਮੁੱਖ ਸਰਪ੍ਰਸਤ, ਅਸ਼ੋਕ ਕੁਮਾਰ ਨੂੰ ਸਰਪ੍ਰਸਤ, ਦਲਜੀਤ ਸਿੰਘ ਵਾਈਸ ਚੇਅਰਮੈਨ, ਸੁਖਬੀਰ ਸਿੰਘ ਅਤੇ ਰਜਿੰਦਰ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਕੈਸ਼ੀਅਰ ਕਿਸ਼ੋਰੀ ਲਾਲ, ਰਾਕੇਸ਼ ਕੁਮਾਰ ਗੁਪਤਾ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਪੰਜ ਉਪ-ਪ੍ਰਧਾਨ ਚੁਣੇ ਗਏ ਜਿਨ੍ਹਾਂ ਵਿੱਚ ਮੋਨੂੰ ਬੋਹਤ, ਸੁਖਵੰਤ ਸਿੰਘ, ਰਾਹੁਲ ਵੈਧ, ਜਗਮੋਹਣ ਸਿੰਘ ਅਤੇ ਦਵਿੰਦਰ ਸਿੰਘ ਨੂੰ ਚੁਣਿਆ ਗਿਆ। ਪੰਚ ਸੰਯੁਕਤ ਸਕੱਤਰ ਜਿਨ੍ਹਾਂ ਵਿੱਚ ਤਜਿੰਦਰ ਸਿੰਘ, ਰਜੀਵ ਕੁਮਾਰ, ਅਸ਼ੋਕ ਕੁਮਾਰ, ਸੰਤੋਸ਼ ਸਿੰਘ, ਚਰਨਜੀਤ ਸਿੰਘ ਚੁਣੇ ਗਏ। ਪੰਜ ਪ੍ਰਚਾਰ ਸਕੱਤਰ ਚੁਣੇ ਗਏ।
ਗਵਰਨਰ ਹਾਊਸ ਵੱਲ ਰੋਸ ਮਾਰਚ ਦਾ ਐਲਾਨ
ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਨੇ ਦੱਸਿਆ ਕਿ 8 ਅਕਤੂਬਰ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਦਿਵਾਲੀ ਤੋਂ ਪਹਿਲਾਂ ਆਊਟਸੋਰਸਡ ਵਰਕਰਾਂ ਨੂੰ ਪੈਂਡਿੰਗ ਤਨਖਾਹ ਅਤੇ ਬੋਨਸ ਦੇਣ, ਸਮਾਨ ਕੰਮ ਲਈ ਸਮਾਨ ਵੇਤਨ ਅਤੇ ਡੀ.ਸੀ. ਰੇਟਾਂ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਨੂੰ ਲੈ ਕੇ ਗਵਰਨਰ ਹਾਊਸ ਵੱਲ ਮਾਰਚ ਕੀਤਾ ਜਾਵੇਗਾ।