For the best experience, open
https://m.punjabitribuneonline.com
on your mobile browser.
Advertisement

ਜੰਗਬੰਦੀ ਦੀ ਮੰਗ

06:26 AM Nov 11, 2023 IST
ਜੰਗਬੰਦੀ ਦੀ ਮੰਗ
Advertisement

ਇੰਗਲੈਂਡ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੀ ਫ਼ਲਸਤੀਨ ਦੇ ਹੱਕ ਵਿਚ ਹੋ ਰਹੇ ਮੁਜ਼ਾਹਰਿਆਂ ਦਾ ਵਿਰੋਧ ਕਰਨ ਲਈ ਆਲੋਚਨਾ ਹੋ ਰਹੀ ਹੈ। ਪਹਿਲਾਂ ਬ੍ਰੇਵਰਮੈਨ ਨੇ ਅਜਿਹੇ ਮੁਜ਼ਾਹਰਿਆਂ ਨੂੰ ਨਫ਼ਰਤੀ ਜਲੂਸ (Hate Marches) ਦੱਸਿਆ ਅਤੇ ਫਿਰ ਲੰਡਨ ਦੀ ਮੈਟਰੋਪੋਲੀਟਨ ਪੁਲੀਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ (ਪੁਲੀਸ) ਖੱਬੇ ਪੱਖੀ ਮੁਜ਼ਾਹਰਿਆਂ ਪ੍ਰਤੀ ਨਰਮੀ ਦਾ ਰੁਖ ਅਪਣਾਉਂਦੀ ਹੈ। ਬ੍ਰੇਵਰਮੈਨ ਅਨੁਸਾਰ ਫ਼ਲਸਤੀਨ ਦੇ ਹੱਕ ਵਿਚ ਹੋ ਰਹੇ ਮੁਜ਼ਾਹਰੇ ਫ਼ਲਸਤੀਨ ਲਈ ਹਾਅ ਦਾ ਨਾਅਰਾ ਮਾਰਨ ਲਈ ਨਹੀਂ ਸਗੋਂ ਮੁਸਲਿਮ ਕੱਟੜਪੰਥੀਆਂ ਦਾ ਸ਼ਕਤੀ ਪ੍ਰਦਰਸ਼ਨ ਹਨ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਬ੍ਰੇਵਰਮੈਨ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਬ੍ਰੇਵਰਮੈਨ ਨੇ ਟਾਈਮ ਮੈਗਜ਼ੀਨ ਵਿਚ ਲਿਖੇ ਲੇਖ ਵਿਚ ਵੀ ਕੱਟੜਪੰਥੀ ਵਿਚਾਰ ਪ੍ਰਗਟਾਏ ਹਨ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਅਨੁਸਾਰ ਉਹ (ਪ੍ਰਧਾਨ ਮੰਤਰੀ) ਇਸ ਲੇਖ ਨਾਲ ਸਹਿਮਤ ਨਹੀਂ। ਬ੍ਰੇਵਰਮੈਨ ਪਰਵਾਸੀਆਂ ਪ੍ਰਤੀ ਸਖਤ ਰਵੱਈਆ ਅਪਣਾਉਣ ਦੀ ਪੈਰਵੀ ਕਰਦੀ ਰਹੀ ਹੈ।
ਇੰਗਲੈਂਡ ਵਿਚ ਹਰ ਸ਼ਨਿੱਚਰਵਾਰ ਫ਼ਲਸਤੀਨੀਆਂ ਦੇ ਹੱਕ ਵਿਚ ਵੱਡੇ ਮੁਜ਼ਾਹਰੇ ਹੋ ਰਹੇ ਹਨ। ਸ਼ਨਿੱਚਰਵਾਰ (11 ਨਵੰਬਰ) ਨੂੰ ਪਹਿਲੀ ਆਲਮੀ ਜੰਗ ਦਾ ਜੰਗਬੰਦੀ (Armistice) ਦਿਨ ਮਨਾਇਆ ਜਾਂਦਾ ਹੈ। ਪੱਛਮੀ ਯੂਰੋਪ ਦੇ ਦੇਸ਼ਾਂ ਵਿਚ ਇਸ ਨੂੰ ਅਮਨ ਕਾਇਮ ਕਰਨ ਵਾਲੇ ਦਿਨ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਰਿਸ਼ੀ ਸੂਨਕ ਤੇ ਬ੍ਰੇਵਰਮੈਨ ਦਾ ਕਹਿਣਾ ਸੀ ਕਿ ਇਹ ਇੰਗਲੈਂਡ ਦੇ ਵਾਸੀਆਂ ਲਈ ਪਵਿੱਤਰ ਦਿਨ ਹੈ ਅਤੇ ਇਸ ਦਿਨ ਫ਼ਲਸਤੀਨੀਆਂ ਦੇ ਹੱਕ ਵਿਚ ਮੁਜ਼ਾਹਰਾ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਲੰਡਨ ਪੁਲੀਸ ਦਾ ਕਹਿਣਾ ਹੈ ਕਿ ਫ਼ਲਸਤੀਨ ਦੇ ਹੱਕ ਵਿਚ ਮੁਜ਼ਾਹਰੇ ਕਾਨੂੰਨ ਦੇ ਦਾਇਰੇ ਦੇ ਅੰਦਰ ਆਉਂਦੇ ਹਨ ਅਤੇ ਉਹ ਇਨ੍ਹਾਂ ’ਤੇ ਪਾਬੰਦੀਆਂ ਨਹੀਂ ਲਗਾ ਸਕਦੀ।
ਪਹਿਲੀ ਆਲਮੀ ਜੰਗ ਦੌਰਾਨ 11 ਨਵੰਬਰ 1918 ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ। ਉਸ ਜੰਗ ਦੌਰਾਨ ਹੋਏ ਕਤਲੇਆਮ ਤੇ ਤਬਾਹੀ ਨੇ ਮਨੁੱਖਤਾ ਨੂੰ ਹੈਰਾਨ ਕਰ ਦਿੱਤਾ ਸੀ। ਇਸ ਜੰਗ ਵਿਚ ਦੋ ਕਰੋੜ ਲੋਕ ਮਾਰੇ ਗਏ ਸਨ ਅਤੇ ਇਸ ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਇਸ ਜੰਗ ਦੌਰਾਨ ਕਈ ਲੜਾਈਆਂ ਵਿਚ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 20,000 ਤੋਂ ਵੱਧ ਸੀ। ਇਸੇ ਲਈ 11 ਨਵੰਬਰ 1918 ਨੂੰ ਜਦੋਂ ਫਰਾਂਸ ਦੇ ਸ਼ਹਿਰ ਕਮਪੈਨਿਆ (Compiegne) ਵਿਚ ਅਲਾਈਡ ਪਾਵਰਜ਼ (ਇੰਗਲੈਂਡ, ਫਰਾਂਸ, ਅਮਰੀਕਾ, ਰੂਸ) ਅਤੇ ਸੈਂਟਰਲ ਪਾਵਰਜ਼ (ਜਰਮਨੀ, ਓਟੋਮਨ ਬਾਦਸ਼ਾਹਤ ਆਸਟਰੀਆ-ਹੰਗਰੀ ਆਦਿ) ਵਿਚਕਾਰ ਪੱਛਮੀ ਫਰੰਟ ’ਤੇ ਜੰਗਬੰਦੀ ਕਰਨ ਦਾ ਸਮਝੌਤਾ ਹੋਇਆ ਤਾਂ ਮਨੁੱਖਤਾ ਨੂੰ ਅਮਨ ਕਾਇਮ ਹੋਣ ਦੀ ਕਿਰਨ ਦਿਖਾਈ ਦਿੱਤੀ। ਫ਼ਲਸਤੀਨ ਦੇ ਹੱਕ ਵਿਚ ਮੁਜ਼ਾਹਰੇ ਕਰਨ ਵਾਲੇ ਇਹ ਸਵਾਲ ਪੁੱਛ ਰਹੇ ਹਨ ਕਿ ਜਦੋਂ 11 ਨਵੰਬਰ ਨੂੰ ਜੰਗਬੰਦੀ ਹੋਣ ਵਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ ਤਾਂ ਉਹ ਇਸ ਦਿਨ ਇਜ਼ਰਾਈਲ-ਹਮਾਸ ਜੰਗ ਵਿਚ ਜੰਗਬੰਦੀ ਦੀ ਮੰਗ ਕਿਉਂ ਨਹੀਂ ਕਰ ਸਕਦੇ। ਇੰਗਲੈਂਡ ਦੀ ਸੱਜੇ ਪੱਖੀ ਕੰਜਰਵੇਟਿਵ ਪਾਰਟੀ ਵਿਚ ਰਿਸ਼ੀ ਸੂਨਕ ਅਤੇ ਸੁਏਲਾ ਬ੍ਰੇਵਰਮੈਨ ਕੱਟੜ ਸੱਜੇ ਪੱਖੀਆਂ ਵਜੋਂ ਗਿਣੇ ਜਾਂਦੇ ਹਨ। ਇਹ ਸੋਚਿਆ ਜਾਂਦਾ ਸੀ ਕਿ ਤੀਸਰੀ ਦੁਨੀਆ ਦੇ ਦੇਸ਼ਾਂ ਨਾਲ ਸਬੰਧ ਰੱਖਣ ਵਾਲੇ ਸਿਆਸੀ ਆਗੂ ਦੁਨੀਆ ਦੇ ਦੱਬੇ-ਕੁਚਲੇ ਲੋਕਾਂ ਦੀ ਹਮਾਇਤ ਵਿਚ ਪੈਂਤੜੇ ਲੈਣਗੇ ਪਰ ਅਮਰੀਕਾ, ਇੰਗਲੈਂਡ ਤੇ ਕਈ ਹੋਰ ਦੇਸ਼ਾਂ ਦੀ ਸਿਆਸਤ ਵਿਚ ਇਸ ਤੋਂ ਉਲਟ ਵਰਤਾਰਾ ਵਾਪਰਿਆ ਹੈ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਇਹ ਆਗੂ ਆਪਣੇ ਆਪ ਨੂੰ ਜ਼ਿਆਦਾ ਦੇਸ਼ ਭਗਤ ਸਾਬਤ ਕਰਨਾ ਚਾਹੁੰਦੇ ਹਨ; ਅਜਿਹਾ ਕਰਦੇ ਹੋਏ ਉਹ ਉਨ੍ਹਾਂ ਲੋਕਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਉਂਦੇ ਜਿਨ੍ਹਾਂ ਨਾਲ ਅਨਿਆਂ ਹੋ ਰਿਹਾ ਹੁੰਦਾ ਹੈ; ਉਹ ਗੋਰੇ ਸੱਜੇ ਪੱਖੀਆਂ ਅਤੇ ਕਾਰਪੋਰੇਟਾਂ ਦੀ ਆਵਾਜ਼ ਬਣ ਗਏ ਹਨ। ਇਸ ਸਭ ਕੁਝ ਦੇ ਬਾਵਜੂਦ, ਦੁਨੀਆ ਦੇ ਵੱਖ ਵੱਖ ਦੇਸ਼ਾਂ, ਜਿਨ੍ਹਾਂ ਵਿਚ ਇੰਗਲੈਂਡ ਵੀ ਸ਼ਾਮਲ ਹੈ, ਵਿਚ ਫ਼ਲਸਤੀਨੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਹੋ ਰਹੀ ਹੈ। ਨਿਆਂ ਦੀ ਇਹ ਪੁਕਾਰ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚ ਵੱਡੀ ਪੱਧਰ ’ਤੇ ਇਹ ਬਹਿਸ ਪੈਦਾ ਕਰ ਰਹੀ ਹੈ ਕਿ ਇਜ਼ਰਾਈਲ ਦੀਆਂ ਗਾਜ਼ਾ ਵਿਚ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਣਮਨੁੱਖੀ ਹਨ। 11 ਨਵੰਬਰ ਨੂੰ ਪਹਿਲੀ ਆਲਮੀ ਜੰਗ ਵਿਚ ਜੰਗਬੰਦੀ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਇਸ ਦਿਨ ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਹੋਣ ਦੀ ਮੰਗ ਪੂਰੀ ਭਰਪੂਰਤਾ ਨਾਲ ਉਠਾਈ ਜਾਣੀ ਚਾਹੀਦੀ ਹੈ।

Advertisement

Advertisement
Advertisement
Author Image

joginder kumar

View all posts

Advertisement