ਚੋਰਾਂ ਦੇ ਭੁਲੇਖੇ ਬਿਜਲੀ ਵਾਲੇ ਕੁੱਟੇ
ਬਠਿੰਡਾ: ਸੰਗਤ ਮੰਡੀ ਨੇੜੇ ਬਿਜਲੀ ਗਰਿੱਡ ਪਿਉਰੀ ਤਹਿਤ ਇੱਕ ਬਿਜਲੀ ਲਾਈਨ ਦੇ ਨੁਕਸ ਨੂੰ ਲੱਭਣ ਗਏ ਪਾਵਰਕੌਮ ਦੇ ਮੁਲਾਜ਼ਮਾਂ ਦੀ ਕੁਝ ਵਿਅਕਤੀਆਂ ਵੱਲੋਂ ਕਥਿਤ ਚੋਰ ਸਮਝ ਕੇ ਕੁੱਟਮਾਰ ਕਰ ਦਿੱਤੀ ਗਈ। ਥਾਣਾ ਨੰਦਗੜ੍ਹ ਪੁਲੀਸ ਨੇ ਕੁੱਟਮਾਰ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪਾਵਰਕੌਮ ਬਠਿੰਡਾ ਦੇ ਐੱਸਡੀਓ (ਏਓ/ਟੀਐੱਲ) ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ‘ਚ ਕਿਹਾ ਹੈ ਕਿ 24 ਜੂਨ ਦੀ ਰਾਤ ਨੂੰ ਕਰੀਬ 11:50 ਵਜੇ 66 ਕੇਵੀ ਗਰਿੱਡ ਪਿਉਰੀ ਲਾਈਨ ਵਿੱਚ ਨੁਕਸ ਪੈ ਗਿਆ ਸੀ। ਮੁੱਖ ਬਾਦਲ ਰੋਡ ‘ਤੇ 66 ਕੇਵੀ ਲਾਈਨ ਦੇ ਹੇਠਾਂ ਗਰਿੱਡ ਤੋਂ ਸੂਏ ਤੱਕ ਬਿਜਲੀ ਲਾਈਨ ਵਿਚ ਪਏ ਨੁਕਸ ਨੂੰ ਲੱਭਣ ਲਈ ਯੂਨਿਟ 3 ਨੰਬਰ ਦੇ ਇੱਕ ਲਾਈਨਮੈਨ ਸਮੇਤ ਦੋ ਸਹਾਇਕ ਲਾਈਨਮੈਨ ਉਸ ਖੇਤਰ ਵਿੱਚ ਭੇਜੇ ਗਏ ਸਨ। ਨੁਕਸ ਲੱਭਦੇ ਹੋਏ ਪਾਵਰਕੌਮ ਦੇ ਮੁਲਾਜ਼ਮ ਗਰਿੱਡ ਦੇ ਸਾਹਮਣੇ ਇਕ ਖੇਤ ਦੀ ਮੋਟਰ ‘ਤੇ ਪਏ ਮੰਜੇ ਉੱਪਰ ਆਰਾਮ ਕਰਨ ਲਈ ਬੈਠ ਗਏ। ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਨ੍ਹਾਂ ਉਪਰ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਕੇ ਕੁੱਟਮਾਰ ਕੀਤੀ। ਪੁਲੀਸ ਨੂੰ ਦੱਸਿਆ ਗਿਆ ਕਿ ਲਾਈਨਮੈਨ ਨੇ ਹਮਲਾਵਰਾਂ ਨੂੰ ਆਪਣਾ ਸ਼ਨਾਖ਼ਤੀ ਕਾਰਡ ਵੀ ਵਿਖਾਇਆ ਅਤੇ ਐੱਸਡੀਓ (ਏਓ, ਟੀਐੱਲ) ਨਾਲ ਫ਼ੋਨ ‘ਤੇ ਗੱਲ ਵੀ ਕਰਵਾਈ ਪਰ ਉਨ੍ਹਾਂ ਇੱਕ ਨਾ ਸੁਣੀ। ਸਿੱਟੇ ਵਜੋਂ ਬਿਜਲੀ ਮੁਲਾਜ਼ਮ ਬਿਜਲੀ ਲਾਈਨ ਦੀ ਮੁਰੰਮਤ ਨਹੀਂ ਕਰ ਸਕੇ। -ਨਿੱਜੀ ਪੱਤਰ ਪ੍ਰੇਰਕ