ਮਾਨਸਾ ਦੇ ਜ਼ੱਚਾ-ਬੱਚਾ ਹਸਪਤਾਲ ’ਚ ਬਿਨਾਂ ਜਾਂਚ ਐੱਚਆਈਵੀ ਪੀੜਤਾ ਦਾ ਜਣੇਪਾ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਨਵੰਬਰ
ਇੱਥੇ ਬਿਨਾਂ ਜਾਂਚ ਕੀਤਿਆਂ ਇੱਕ ਐੱਚਆਈਵੀ ਪੀੜਤ ਔਰਤ ਦਾ ਜ਼ੱਚਾ-ਬੱਚਾ ਹਸਪਤਾਲ ’ਚ ਜਣੇਪਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਕੌਂਸਲਰ ਵੱਲੋਂ ਇਹ ਜਾਣਕਾਰੀ ਜਦੋਂ ਉੱਚ ਅਧਿਕਾਰੀਆਂ ਨੂੰ ਦੋ ਦਿਨ ਬਾਅਦ ਦਿੱਤੀ ਗਈ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਨਾਲ ਹੋਰਨਾਂ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਲੋਕਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ।
ਸਿਹਤ ਵਿਭਾਗ ਨੇ ਮਾਮਲੇ ਦੀ ਪੜਤਾਲ ਆਰੰਭ ਕਰ ਕੇ ਜਣੇਪੇ ਸਮੇਂ ਵਰਤੇ ਔਜ਼ਾਰ ਤੇ ਸਾਮਾਨ ਨੂੰ ਰੀ-ਫਰੈੱਸ਼ (ਧੋਣਾ) ਸ਼ੁਰੂ ਕਰ ਦਿੱਤਾ ਹੈ ਪਰ ਡਰ ਹੈ ਕਿ ਕਿਤੇ ਜਣੇਪੇ ਦੌਰਾਨ ਐੱਚਆਈਵੀ ਪੀੜਤਾ ਦੇ ਲਹੂ ਦਾ ਕੋਈ ਕਤਰਾ ਕਿਸੇ ਕੱਪੜੇ ਜਾਂ ਔਜ਼ਾਰ ਨਾਲ ਲੱਗਾ ਨਾ ਰਹਿ ਗਿਆ ਹੋਵੇ। ਦੂਜੇ ਪਾਸੇ ਐੱਚਆਈਵੀ ਪੀੜਤ ਹੋਣ ਸਬੰਧੀ ਪਤਾ ਲੱਗਣ ’ਤੇ ਔਰਤ ਨੂੰ ਸਿਹਤ ਵਿਭਾਗ ਦੇ ਸਟਾਫ਼ ਨੇ ਵੱਖਰੇ ਪ੍ਰਾਈਵੇਟ ਕਮਰੇ ਵਿੱਚ ਭੇਜ ਦਿੱਤਾ ਹੈ ਅਤੇ ਨਵਜੰਮੇ ਬੱਚੇ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਡਰਾਈਵਰ ਦੀ ਪਤਨੀ ਨੂੰ 10 ਨਵੰਬਰ ਨੂੰ ਜਣੇਪੇ ਲਈ ਜ਼ੱਚਾ-ਬੱਚਾ ਹਸਪਤਾਲ ਮਾਨਸਾ ’ਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਅਨੁਸਾਰ ਉਸ ਨੇ ਮਹੀਨਾ ਪਹਿਲਾਂ ਆਪਣੀ ਐੱਚਆਈਵੀ ਰਿਪੋਰਟ ਕਰਵਾਈ ਹੋਈ ਸੀ, ਜਿਸ ’ਚ ਉਸ ਦੇ ਏਡਜ਼ ਪੀੜਤ ਹੋਣ ਦੇ ਕੋਈ ਤੱਥ ਨਹੀਂ ਸਨ। ਜ਼ੱਚਾ-ਬੱਚਾ ਕੇਂਦਰ ਦੀ ਮਹਿਲਾ ਡਾਕਟਰ ਨੇ ਉਸ ਰਿਪੋਰਟ ਨੂੰ ਆਧਾਰ ਮੰਨ ਕੇ ਔਰਤ ਦਾ ਜਣੇਪਾ ਕਰ ਦਿੱਤਾ। ਬਾਅਦ ਵਿੱਚ ਵਿਭਾਗ ਨੂੰ ਸਿਹਤ ਕੌਂਸਲਰ ਤੋਂ ਪਤਾ ਲੱਗਾ ਕਿ ਜਣੇਪਾ ਔਰਤ ਐੱਚਆਈਵੀ ਪਾਜ਼ੇਟਿਵ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਡਾਕਟਰਾਂ ਨੇ ਉਸ ਦੇ ਜਣੇਪੇ ਦੌਰਾਨ ਵਰਤੇ ਗਏ ਔਜ਼ਾਰ ਤੇ ਹੋਰ ਸਾਮਾਨ ਨੂੰ ਧੋਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਗੱਲ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਉਨ੍ਹਾਂ ਇਸ ’ਤੇ ਤੁਰੰਤ ਜਾਂਚ ਬਿਠਾ ਦਿੱਤੀ।
ਸਿਹਤ ਵਿਭਾਗ ਨੂੰ ਉਸੇ ਦਿਨ ਅਪਰੇਸ਼ਨ ਥੀਏਟਰ ਨੂੰ ਸੀਲ ਕਰ ਕੇ ਸਾਮਾਨ ਨਸ਼ਟ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਉਸੇ ਸਟਰੈਚਰ ’ਤੇ ਤਿੰਨ ਅਪਰੇਸ਼ਨ ਕਰ ਦਿੱਤੇ ਗਏ ਅਤੇ ਪਤਾ ਲੱਗਾ ਹੈ ਕਿ ਇਨ੍ਹਾਂ ਅਪਰੇਸ਼ਨਾਂ ਦੌਰਾਨ ਓਹੀ ਔਜ਼ਾਰ ਹੀ ਵਰਤੇ ਗਏ ਹਨ।
ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਕਾਰਜਕਾਰੀ ਐੱਸਐੱਮਓ ਅਮਿਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਪੜਤਾਲ ਵਿੱਚ ਪੀੜਤਾ ਦੇ ਪਰਿਵਾਰ ਵੱਲੋਂ ਸਿਹਤ ਵਿਭਾਗ ਨੂੰ ਅਜਿਹੀ ਕੋਈ ਜਾਣਕਾਰੀ ਨਾ ਦੇਣ ਦਾ ਪਤਾ ਲੱਗਾ ਹੈ। ਸਿਹਤ ਵਿਭਾਗ ਨੇ ਇਸ ਦੇ ਬਾਵਜੂਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸੰਜੀਦਗੀ ਲਿਆ ਗਿਆ ਹੈ।
ਪੀੜਤ ਪਰਿਵਾਰ ਨੇ ਡਾਕਟਰਾਂ ਨੂੰ ਇਸ ਸਬੰਧੀ ਕੁੱਝ ਨਹੀਂ ਦੱਸਿਆ: ਡਾਕਟਰ
ਜਣੇਪਾ ਕਰਨ ਵਾਲੀ ਮਹਿਲਾ ਡਾ. ਕੀਰਤੀ ਸਿੰਗਲਾ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਆਪਣੀ ਇਸ ਲਾਗ ਬਾਰੇ ਪਹਿਲਾਂ ਤੋਂ ਪਤਾ ਸੀ ਪਰ ਉਨ੍ਹਾਂ ਡਾਕਟਰਾਂ ਨੂੰ ਇਸ ਸਬੰਧੀ ਕੁੱਝ ਨਹੀਂ ਦੱਸਿਆ। ਉਨ੍ਹਾਂ ਵੱਲੋਂ ਇੱਕ ਮਹੀਨਾ ਪਹਿਲਾਂ ਕਰਵਾਈ ਗਈ ਰਿਪੋਰਟ ਦਿਖਾਈ ਗਈ, ਜਿਸ ਵਿੱਚ ਉਹ ਐੱਚਆਈਵੀ ਪੀੜਤ ਨਹੀਂ ਸੀ, ਜਿਸ ਦੇ ਆਧਾਰ ’ਤੇ ਹੀ ਉਨ੍ਹਾਂ ਇਹ ਜਣੇਪਾ ਕਰਵਾ ਦਿੱਤਾ।