ਦਿੱਲੀ ਦਾ ਵਿਕਾਸ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਿਆ: ਭਾਜਪਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਦਿੱਲੀ ਭਾਜਪਾ ਲੀਗਲ ਸੈੱਲ ਦੀ ਕੋ-ਕਨਵੀਨਰ ਬੰਸੁਰੀ ਸਵਰਾਜ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਹਥਨੀਕੁੰਡ ਬੈਰਾਜ ਹਰ ਸਾਲ ਮੌਨਸੂਨ ਦੌਰਾਨ ਦਿੱਲੀ ਵੱਲ ਵਾਧੂ ਬਰਸਾਤੀ ਪਾਣੀ ਛੱਡਦਾ ਹੈ ਪਰ 1978 ਤੋਂ 45 ਸਾਲਾਂ ਬਾਅਦ ਇਸ ਸਾਲ ਭਾਰੀ ਹੜ੍ਹ ਆਇਆ। ਭਾਜਪਾ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਆਮ ਆਦਮੀ ਪਾਰਟੀ ਦੇ ਆਗੂ ਹਥਨੀਕੁੰਡ ਬੈਰਾਜ ਤੋਂ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਦਾ ਸੰਚਾਲਨ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕੀਤਾ ਅਤੇ ਕਿਹਾ ਕਿ ਦਿੱਲੀ ਦਾ ਵਿਕਾਸ ਅਤੇ ਰੱਖ-ਰਖਾਅ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਿਆ ਹੈ। ਸ੍ਰੀ ਸਚਦੇਵਾ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਦੱਸਣ ਕਿ ਐਪੈਕਸ ਕਮੇਟੀ ਦੀ ਮੀਟਿੰਗ ਜੋ ਕਿ ਫਲੱਡ ਕੰਟਰੋਲ ਆਰਡਰ ਤਹਿਤ ਜੂਨ ਤੱਕ ਹੋਣੀ ਲਾਜ਼ਮੀ ਹੈ ਪਿਛਲੇ 2 ਸਾਲਾਂ ਤੋਂ ਕਿਉਂ ਨਹੀਂ ਕੀਤੀ ਗਈ। ਮੀਟਿੰਗ ਦੀ ਗੈਰਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਦਿੱਲੀ ਦੇ ਹੜ੍ਹਾਂ ਪ੍ਰਤੀ ਕੇਜਰੀਵਾਲ ਸਰਕਾਰ ਕਿੰਨੀ ਲਾਪਰਵਾਹ ਹੈ। ਉਨ੍ਹਾਂ ਕਿਹਾ ਕਿ ਐਪੈਕਸ ਕਮੇਟੀ ਦੇ ਨੋਡਲ ਅਫਸਰ ਡੀ.ਐਮ. ਪੂਰਬੀ ਨੇ ਮੁੱਖ ਮੰਤਰੀ ਨੂੰ ਜੂਨ ‘ਚ 3 ਵਾਰ ਮੀਟਿੰਗ ਬੁਲਾਉਣ ਲਈ ਲਿਖਿਆ, ਦੱਸਿਆ ਕਿ ਗੰਭੀਰ ਸਥਿਤੀ ਦੀ ਚਿਤਾਵਨੀ ਦਿੱਤੀ ਹੈ, ਪਰ ਫਿਰ ਵੀ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਬੁਲਾਈ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਪਾਣੀ ਕਦੋਂ ਅਤੇ ਕਿੰਨਾ ਪਾਣੀ ਛੱਡਿਆ ਜਾਵੇਗਾ, ਇਹ ਫੈਸਲਾ ਜਲ ਮਾਹਿਰ ਕਰਦੇ ਹਨ ਪਰ ਇਸ ਸਾਲ ਹਥਨੀਕੁੰਡ ਤੋਂ ਪਾਣੀ ਛੱਡਣ ਵਿੱਚ ਦਿੱਲੀ ਸਰਕਾਰ ਰਾਜਨੀਤੀ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਸਾਲ ਦਿੱਲੀ ਵਿੱਚ ਮੌਨਸੂਨ ਤੋਂ ਪਹਿਲਾਂ ਯਮੁਨਾ ਦੇ ਕਨਿਾਰਿਆਂ ਦੀ ਸਫ਼ਾਈ ਨਹੀਂ ਕੀਤੀ, ਦਿੱਲੀ ਸਰਕਾਰ ਦੇ ਹੜ੍ਹ ਵਿਭਾਗ, ਲੋਕ ਨਿਰਮਾਣ ਵਿਭਾਗ, ਜਲ ਬੋਰਡ ਅਤੇ ਨਗਰ ਨਿਗਮ ਨੇ ਡਰੇਨਾਂ ਦੀ ਸਫ਼ਾਈ ਵਿੱਚ ਘਪਲਾ ਕੀਤਾ ਹੈ।