ਦਿੱਲੀ ਦੀ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪੁੱਜੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਦਸੰਬਰ
ਕੌਮੀ ਰਾਜਧਾਨੀ ਵਿੱਚ ਅੱਜ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਰਹੀ, ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਰੀਬ ਤਿੰਨ ਡਿਗਰੀ ਘੱਟ ਪੰਜ ਡਿਗਰੀ ਸੈਲਸੀਅਸ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 448 ’ਤੇ ਰਿਹਾ।
ਸ਼ਹਿਰ ਦੇ 38 ਨਿਗਰਾਨ ਕੇਂਦਰਾਂ ਵਿੱਚੋਂ 32 ਵਿੱਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਸਿਫ਼ਰ ਤੋਂ 50 ਦਰਮਿਆਨ ਏਕਿਊਆਈ ਨੂੰ ‘ਚੰਗਾ’, 51 ਤੋਂ 100 ‘ਤਸੱਲੀਬਖਸ਼‘, 101 ਤੋਂ 200 ‘ਮੱਧਮ’, 201 ਤੋਂ 300 ਤੱਕ ‘ਖ਼ਰਾਬ’, 301 ਤੋਂ 400 ਨੂੰ ‘ਬਹੁਤ ਖ਼ਰਾਬ’ ਅਤੇ 401 ਤੋਂ 500 ‘ਗੰਭੀਰ’ ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਸ਼ੁੱਕਰਵਾਰ ਨੂੰ ਬਹੁਤ ਸੰਘਣੀ ਧੁੰਦ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਸਵੇਰੇ 7 ਵਜੇ ਹਵਾ ਦੀ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 448 ਦਰਜ ਕੀਤਾ ਗਿਆ। ਇਸ ਨਾਲ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ।
ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਸ਼ਹਿਰਾਂ ਦੀ ਸਥਿਤੀ ਵੀ ਗੰਭੀਰ ਬਣੀ ਹੋਈ ਹੈ। ਹਰਿਆਣਾ ਦੇ ਫਰੀਦਾਬਾਦ ਵਿੱਚ ਏਕਿਊਆਈ 289, ਗੁਰੂਗ੍ਰਾਮ ’ਚ 370 ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ 386, ਗ੍ਰੇਟਰ ਨੋਇਡਾ ’ਚ 351 ਅਤੇ ਨੋਇਡਾ ’ਚ 366 ਏਕਿਊਆਈ ਦਰਜ ਕੀਤਾ ਗਿਆ।
ਦਿੱਲੀ ਵਿੱਚ ਜ਼ਿਆਦਾਤਰ ਖੇਤਰ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚ ਏਕਿਊਆਈ ਪੱਧਰ 400 ਅਤੇ 500 ਦੇ ਵਿਚਕਾਰ ਹੈ ‘ਗੰਭੀਰ ਪਲੱਸ’ ਸ਼੍ਰੇਣੀ ਵਿੱਚ ਆਉਂਦਾ ਹੈ।
ਦਿੱਲੀ ਦੇ ਆਨੰਦ ਵਿਹਾਰ (478), ਅਸ਼ੋਕ ਵਿਹਾਰ (472), ਬਵਾਨਾ (454), ਬੁਰਾੜੀ ਕਰਾਸਿੰਗ (473), ਮਥੁਰਾ ਰੋਡ (467), ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ (451), ਦਵਾਰਕਾ ਸੈਕਟਰ 8 (460), ਆਈਟੀਓ(475), ਜਹਾਂਗੀਰਪੁਰੀ (478), ਪੰਜਾਬੀ ਬਾਗ਼ (476), ਨਹਿਰੂ ਨਗਰ (485), ਰੋਹਿਣੀ (470), ਵਿਕਾਸ ਮਾਰਗ (466) ਤੇ ਵਿਵੇਕ ਵਿਹਾਰ (475) ਵਿੱਚ ਹਵਾ ਦਾ ਪੱਧਰ ਬਹੁਤ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ।
ਠੰਢੇ ਮੌਸਮ ਦਾ ਹਵਾ ਪ੍ਰਦੂਸ਼ਣ ’ਤੇ ਪ੍ਰਭਾਵ ਪੈਂਦਾ ਹੈ ਅਤੇ ਦਿੱਲੀ-ਐਨਸੀਆਰ ਵਿੱਚ ਨਮੀ ਦੇ ਪੱਧਰ ਦੌਰਾਨ ਇਸ ਵਿੱਚ ਉਤਰਾਅ-ਚੜ੍ਹਾਅ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੁਝ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਸ਼ਾਂਤ ਹਵਾਵਾਂ ਅਤੇ ਨਮੀ ਨੇ ਦਿੱਲੀ-ਐੱਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਾ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੀਤ ਲਹਿਰ ਦੇ ਸੰਭਾਵੀ ਤੀਬਰਤਾ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਧੁੰਦ ਵਾਲੀ ਸਥਿਤੀ ਬਣੀ ਰਹਿ ਸਕਦੀ ਹੈ। ਦਿੱਲੀ-ਐਨਸੀਆਰ ਨਿਵਾਸੀ ਖਤਰਨਾਕ ਹਵਾ ਦੀ ਗੁਣਵੱਤਾ ਅਤੇ ਸਿਹਤ ਜੋਖਮਾਂ ਨਾਲ ਜੂਝ ਰਹੇ ਹਨ।