ਸਤੰਬਰ ਮਹੀਨੇ ’ਚ ਪਏ ਰਿਕਾਰਡ ਮੀਂਹ ਕਾਰਨ ਦਿੱਲੀ ਦੀ ‘ਹਵਾ ਗੁਣਵੱਤਾ’ ਵਿੱਚ ਸੁਧਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਸਤੰਬਰ ਮਹੀਨੇ ਦੌਰਾਨ ਕੌਮੀ ਰਾਜਧਾਨੀ ’ਚ ਪਏ ਰਿਕਾਰਡ ਮੀਂਹ ਤੋਂ ਬਾਅਦ ਦਿੱਲੀ ’ਚ ਸ਼ੁੱਕਰਵਾਰ ਨੂੰ ਸਾਲ ਦੀ ਸਭ ਤੋਂ ਸਾਫ ਹਵਾ ਦੀ ਗੁਣਵੱਤਾ ਦੇਖਣ ਨੂੰ ਮਿਲੀ। ਇਥੇ ਏਅਰ ਕੁਆਲਿਟੀ ਇੰਡੈਕਸ 52 ਦਰਜ ਕੀਤਾ ਗਿਆ। ਫਰੀਦਾਬਾਦ ’ਚ 24 ਘੰਟੇ ਦੀ ਔਸਤ ਏਅਰ ਕੁਆਲਿਟੀ ਇੰਡੈਕਸ 24 ਦਰਜ ਕੀਤੀ। ਗਾਜ਼ੀਆਬਾਦ ਅਤੇ ਨੋਇਡਾ ’ਚ ਕ੍ਰਮਵਾਰ 34 ਅਤੇ 46 ਦੇ ਏਅਰ ਕੁਆਲਿਟੀ ਇੰਡੈਕਸ ਦਰਜ ਕੀਤੇ ਜੋ ‘ਚੰਗੀ’ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਦੌਰਾਨ ਗੁਰੂਗ੍ਰਾਮ ਦਾ ਏਅਰ ਕੁਆਲਿਟੀ ਇੰਡੈਕਸ 69, ਬੁਲੰਦਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 21, ਮੇਰਠ ਨੇ 28 ਅਤੇ ਮੁਜ਼ੱਫਰਨਗਰ ਦਾ ਏਅਰ ਕੁਆਲਿਟੀ ਇੰਡੈਕਸ 29 ਦਰਜ ਕੀਤਾ। ਪੂਰੇ ਦਿੱਲੀ ਐਨਸੀਆਰ ਖੇਤਰ ਵਿੱਚ ਕਾਫ਼ੀ ਬਾਰਿਸ਼ ਕੀਤੀ। ਮੀਂਹ ਨੇ ਪ੍ਰਭਾਵੀ ਤੌਰ ‘ਤੇ ਪ੍ਰਦੂਸ਼ਕਾਂ ਨੂੰ ਧੋ ਦਿੱਤਾ ਜਦੋਂ ਕਿ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਗੰਦਗੀ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਦਿੱਲੀ ਨੇ ਸਤੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਆਪਣੀ ਸਾਲਾਨਾ ਅਤੇ ਮੌਸਮੀ ਔਸਤ ਬਾਰਿਸ਼ ਨੂੰ ਵੀ ਪਾਰ ਕਰ ਲਿਆ, ਕੁੱਲ ਬਾਰਸ਼ 1,000 ਮਿਲੀਮੀਟਰ ਦੇ ਅੰਕੜੇ ਨੂੰ ਪਾਰ ਕਰ ਗਈ। ਦਿੱਲੀ ਵਿੱਚ ਪਾਲਮ ਵਿੱਚ 54 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਸਫਦਰਜੰਗ ਦੇ ਮੌਸਮ ਕੇਂਦਰ ਵਿੱਚ ਸ਼ੁੱਕਰਵਾਰ ਨੂੰ ਦੁਪਹਿਰ 2.30 ਤੋਂ ਸ਼ਾਮ 5.30 ਵਜੇ ਤੱਕ ਤਿੰਨ ਘੰਟਿਆਂ ਵਿੱਚ 30.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਅਧਿਕਾਰਤ ਅੰਕੜਿਆਂ ਅਨੁਸਾਰ ਸਤੰਬਰ ਵਿੱਚ 125.8 ਮਿਲੀਮੀਟਰ ਦਰਜ ਕੀਤੀ ਗਈ, ਆਮ ਨਾਲੋਂ 55% ਵੱਧ ਦਰਜ ਕੀਤੀ ਗਈ। ਦਿੱਲੀ ਵਿੱਚ ਆਪਣੀ ਮਾਸਿਕ ਔਸਤ ਬਾਰਿਸ਼ ਨੂੰ ਵੀ ਪਾਰ ਕਰ ਗਈ। ਅੱਜ ਸਾਰੇ ਅਸਮਾਨ ਉਪਰ ਬੱਦਲ ਛਾਏ ਰਹੇ। ਠੰਢ ਦਾ ਮੌਸਮ ਕਰੀਬ ਮਹਿਸੂਸ ਕੀਤਾ ਜਾਣ ਲੱਗਾ ਹੈ।