ਦਿੱਲੀ ਵਾਸੀ ਕੇਜਰੀਵਾਲ ਨੂੰ ਸਬਕ ਸਿਖਾਉਣਗੇ: ਨਾਇਬ ਸੈਣੀ
ਆਤਿਸ਼ ਗੁਪਤਾ
ਚੰਡੀਗੜ੍ਹ, 27 ਜਨਵਰੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪਾਣੀ ਦੀ ਸਹੀ ਢੰਗ ਨਾਲ ਵੰਡ ਨਾ ਕਰਨ ਕਰਕੇ ਅੱਜ ਦਿੱਲੀ ਦੇ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਸੈਣੀ ਨੇ ਇੱਥੇ ਹਰਿਆਣਾ ਭਵਨ ਵਿੱਚ ਆਪਣੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਕੀਤਾ। ਸ੍ਰੀ ਸੈਣੀ ਨੇ ਕਿਹਾ ਕਿ ਕੇਜਰੀਵਾਲ ਅੱਜ ਦਿੱਲੀ ਦੇ ਲੋਕਾਂ ਨੂੰ ਪੀਣ ਲਈ ਦੂਸ਼ਿਤ ਪਾਣੀ ਮਿਲਣ ਲਈ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦੋਂਕਿ ਇਸ ਲਈ ਉਹ ਖੁਦ ਜ਼ਿੰਮਵਾਰ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ 10 ਸਾਲਾਂ ਦੇ ਰਾਜ ਤੋਂ ਬਾਅਦ ਵੀ ਲੋਕਾਂ ਨੂੰ ਦੂਸ਼ਿਤ ਪਾਣੀ ਪੀਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਯੋਜਨਾਬੱਧ ਢੰਗ ਨਾਲ 28 ਨਾਲੇ ਯਮੁਨਾ ਨਦੀ ਵਿੱਚ ਪਾ ਦਿੱਤੇ ਹਨ। ਇਸ ਲਈ ਦਿੱਲੀ ਦੇ ਲੋਕ ਚੋਣਾਂ ਵਿੱਚ ਕੇਜਰੀਵਾਲ ਨੂੰ ਜ਼ਰੂਰ ਸਬਕ ਸਿਖਾਉਣਗੇ।
ਸ੍ਰੀ ਸੈਣੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਚੋਣਾਂ ਸਮੇਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਸ ਤੋਂ ਬਾਅਦ ਗਾਇਬ ਹੋ ਜਾਂਦੇ ਹਨ। ਉਨ੍ਹਾਂ ਨੇ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਮੁੱਖ ਸਕੱਤਰ ਨੂੰ ਹਰਿਆਣਾ ਦੇ ਪਾਣੀਪਤ ਵਿੱਚ ਭੇਜਣ, ਜਿੱਥੋਂ ਦਿੱਲੀ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚੋਂ ਦਿੱਲੀ ਨੂੰ ਪਾਣੀ ਸਾਫ਼ ਜਾ ਰਿਹਾ ਹੈ। ਸ੍ਰੀ ਸੈਣੀ ਨੇ ਅੱਜ ਹਰਿਆਣਾ ਵਿੱਚ ਭਾਜਪਾ ਸਰਕਾਰ-3 ਦੇ 100 ਦਿਨ ਮੁਕੰਮਲ ਹੋਣ ’ਤੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ 24 ਵਾਅਦੇ ਕੀਤੇ ਸਨ, ਜਿਸ ਵਿੱਚੋਂ 18 ਵਾਅਦਿਆਂ ਨੂੰ ਪਹਿਲੇ 100 ਦਿਨਾਂ ਵਿੱਚ ਪੂਰਾ ਕਰ ਦਿੱਤਾ ਹੈ, ਜਦੋਂ ਕਿ 6 ਹੋਰਨਾਂ ਵਾਅਦਿਆਂ ’ਤੇ ਕੰਮ ਚੱਲ ਰਿਹਾ ਹੈ।