ਦਿੱਲੀ ’ਵਰਸਿਟੀ ਚੋਣਾਂ: ‘ਆਇਸਾ’ ਵੱਲੋਂ ਏਬੀਵੀਪੀ ਖ਼ਿਲਾਫ਼ ਸਾਂਝੇ ਮੋਰਚੇ ਦਾ ਸੱਦਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਖੱਬੇ ਪੱਖੀ ਵਿਦਿਆਰਥੀ ਧਿਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੀਯੂਐੱਸਯੂ) ਦੀਆਂ ਚੋਣਾਂ ਅਜਿਹੇ ਨਾਜ਼ੁਕ ਸਮੇਂ ’ਤੇ ਹੋ ਰਹੀਆਂ ਹਨ, ਜਦੋਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕੌਮੀ ਸਿੱਖਿਆ ਨੀਤੀ ਰਾਹੀਂ ਜਨਤਕ ਫੰਡ ਪ੍ਰਾਪਤ ਉੱਚ ਸਿੱਖਿਆ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਇਸ ਲਈ ਉਨ੍ਹਾਂ ਨੇ ਏਬੀਵੀਪੀ ਖ਼ਿਲਾਫ਼ ਸਾਂਝੇ ਤੌਰ ’ਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣਾਂ ਵਿੱਚ ਸਾਂਝਾ ਮੁਹਾਜ਼ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਬਿਆਨ ਵਿੱਚ ਕਿਹਾ ਕਿ ਚਾਰ ਸਾਲਾ ਕੋਰਸ ਲਾਗੂ ਕਰ ਕੇ ਦਿੱਲੀ ਯੂਨੀਵਰਸਿਟੀ ਨੂੰ ਇੱਕ ਮਹਿੰਗੀ ਸੰਸਥਾ ਵਿੱਚ ਬਦਲਿਆ ਜਾ ਰਿਹਾ ਹੈ। ਡੀਯੂ ਨੇ ਕੋਵਿਡ ਮਹਾਮਾਰੀ ਦੌਰਾਨ ਵੱਡੇ ਪੱਧਰ ’ਤੇ ਫ਼ੀਸ ਵਾਧੇ, ਸਿਲੇਬਸ ਵਿੱਚ ਤਬਦੀਲੀਆਂ ਅਤੇ ਸ਼ੱਕੀ ਫੈਕਲਟੀ ਨਿਯੁਕਤੀਆਂ ਨਾਲ ਅਕਾਦਮਿਕ ਗੁਣਵੱਤਾ ਦੀ ਤਬਾਹੀ ਅਤੇ 1000 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਕੇ ਯੂਨੀਵਰਸਿਟੀ ਨੂੰ ਵੱਡੇ ਨੁਕਸਾਨ ਵੱਲ ਧੱਕਿਆ ਹੈ। ਇਸ ਦੌਰਾਨ ਏਬੀਵੀਪੀ ਨੇ ਡੀਯੂਐੱਸਯੂ ਨੂੰ ਹਿੰਸਾ ਦਾ ਪ੍ਰਤੀਕ ਅਤੇ ਮੋਦੀ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ, ਅਧਿਆਪਕ ਵਿਰੋਧੀ ਅਤੇ ਸਿੱਖਿਆ ਵਿਰੋਧੀ ਨੀਤੀਆਂ ਦਾ ਗੜ੍ਹ ਬਣਾ ਦਿੱਤਾ ਹੈ। ਆਇਸਾ ਨੇ ਕਿਹਾ, ‘‘ਅਸੀਂ ਡੀਯੂ ਨੂੰ ਬਚਾਉਣ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਏਬੀਵੀਪੀ ਵਿਰੁੱਧ ਲੜਨ ਲਈ ਇੱਕ ਸੰਯੁਕਤ ਪੈਨਲ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਸ ਨੂੰ ਯਕੀਨੀ ਬਣਾਉਣ ਲਈ ਏਆਈਐੱਸਏ ਨੇ ਏਕਤਾ ਲਈ ਗੱਲਬਾਤ ਸ਼ੁਰੂ ਕੀਤੀ ਹੈ ਅਤੇ ਅਸੀਂ ਅਗਾਂਹਵਧੂ ਤਾਕਤਾਂ ਨੂੰ ਸਾਡੇ ਸੱਦੇ ਦਾ ਹੁੰਗਾਰਾ ਭਰਨ ਦੀ ਅਪੀਲ ਕਰਦੇ ਹਾਂ।’’