ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਪਿੜ ਭਖਣ ਲੱਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀਯੂਐੱਸਯੂ) ਦੀਆਂ ਚੋਣਾਂ ਲਈ ਪਿੜ ਭਖਣ ਲੱਗਿਆ ਹੈ ਅਤੇ ਉੱਤਰੀ ਜਾਂ ਦੱਖਣੀ ਕੈਂਪਸ ਵਿੱਚ ਯੂਨੀਅਨ ਆਗੂ ਵਿਦਿਆਰਥੀਆਂ ਦੀ ਨਬਜ਼ ਟੋਹਣ ਲੱਗ ਪਏ ਹਨ।ਦ ਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਰਾਜਨੀਤੀ ਦੀ ਦਸਤਕ ਹੋ ਗਈ ਹੈ ਤੇ ਵਿਦਿਆਰਥੀ ਜਥੇਬੰਦੀਆਂ ਦੇ ਪੋਸਟਰ ਤੇ ਬੈਨਰ ਕਾਲਜਾਂ ਦੇ ਆਸ-ਪਾਸ ਦਿਖਾਈ ਦੇਣ ਲੱਗੇ ਹਨ। ਖੰਭਿਆਂ ’ਤੇ ਵਿਦਿਆਰਥੀ ਜਥੇਬੰਦੀਆਂ ਦੇ ਸਟਿੱਕਰ ਚਿਪਕਾਏ ਜਾ ਰਹੇ ਹਨ ਤੇ ਸੜਕਾਂ ਉਪਰ ਛੋਟੀਆਂ ਪਰਚੀਆਂ ਖਿੰਡੀਆਂ ਦੇਖੀਆਂ ਜਾ ਸਕਦੀਆਂ ਹਨ। ਦਿੱਲੀ ਯੂਨੀਵਰਸਿਟੀ ਵਿੱਚ ਭਾਜਪਾ ਦੀ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਵੀਬੀਪੀ), ਕਾਂਗਰਸ ਦੀ ਨੈਸ਼ਨਲ ਸਟੂੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਦਰਮਿਆਨ ਆਮ ਕਰਕੇ ਮੁਕਾਬਲਾ ਹੁੰਦਾ ਆਇਆ ਹੈ। ਇਨ੍ਹਾਂ ਦੋਵਾ ਧਿਰਾਂ ਦੇ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਵਾਲੇ ਫਲੈਕਸ ਥਾਂ-ਥਾਂ ਲਾਏ ਹੋਏ ਹਨ। ਪਿਛਲੀਆਂ ਚੋਣਾਂ ਵਿੱਚ ‘ਏਵੀਬੀਪੀ’ ਨੇ ਬਾਜ਼ੀ ਮਾਰੀ ਸੀ। ਦਾਖ਼ਲਿਆਂ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਵਿਦਿਆਰਥੀ ਆਗੂਆਂ ਦੀਆਂ ਟੀਮਾਂ ਵੱਖ-ਵੱਖ ਕਾਲਜਾਂ ਵਿੱਚ ਜਾ ਕੇ ਪ੍ਰਚਾਰ ਕਰਦੀਆਂ ਹਨ। ਇਨ੍ਹਾਂ ਚੋਣਾਂ ’ਤੇ ਦੂਜੀਆਂ ਚੋਣਾਂ ਵਾਂਗ ਪਾਣੀ ਵਾਂਗ ਪੈਸਾ ਵਹਾਇਆ ਜਾਂਦਾ ਹੈ ਕਿਉਂਕਿ ਯੂਨੀਵਰਸਿਟੀ ਯੂਨੀਅਨ ਦੀਆਂ ਪ੍ਰਧਾਨਗੀ ਸਣੇ ਉਪ ਪ੍ਰਧਾਨ, ਜਨਰਲ ਸਕੱਤਰ ਤੇ ਮੀਤ ਸਕੱਤਰ ਦੀ ਚੋਣ ਜਿੱਤਣ ਵਾਲੇ ਵਿਦਿਆਰਥੀ ਆਗੂਆਂ ਦਾ ਸੂਬਾਈ ਜਾਂ ਕੌਮੀ ਸਿਆਸੀ ਸਫ਼ਰ ਸ਼ੁਰੂ ਹੋਣ ਦਾ ਰਾਹ ਸਾਫ਼ ਹੋ ਜਾਂਦਾ ਹੈ।