ਦਿੱਲੀ: ਤੰਬੂ ਵਿਚ ਅੱਗ ਲੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ, 11 ਮਾਰਚ
ਪੂਰਬੀ ਦਿੱਲੀ ਦੇ ਆਨੰਦ ਵਿਹਾਰ ਵਿੱਚ ਏਜੀਸੀਆਰ ਇਨਕਲੇਵ ਦੇ ਨੇੜੇ ਇੱਕ ਅਸਥਾਈ ਤੰਬੂ ਨੂੰ ਭਿਆਨਕ ਅੱਗ ਲੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਫਾਇਰ ਸਰਵਿਸਿਜ਼ ਨੂੰ ਮੰਗਲਵਾਰ ਸਵੇਰੇ 2:22 ਵਜੇ ਅੱਗ ਲੱਗਣ ਬਾਰੇ ਸੂਚਨਾ ਮਿਲੀ ਅਤੇ ਤਿੰਨ ਫਾਇਰ ਟੈਂਡਰ ਘਟਨਾ ਸਥਾਨ ’ਤੇ ਭੇਜੇ ਗਏ। ਅਧਿਕਾਰੀ ਨੇ ਦੱਸਿਆ ਕਿ 2:50 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ਪਰ ਇਸ ਉਪਰੰਤ ਤੰਬੂ ਦੇ ਅੰਦਰੋਂ ਤਿੰਨ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੀ ਪਛਾਣ ਜੱਗੀ (30) ਅਤੇ ਭਰਾ ਸ਼ਿਆਮ ਸਿੰਘ (40) ਅਤੇ ਕਾਂਤਾ ਪ੍ਰਸਾਦ (37) ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਉੱਤਰ ਪ੍ਰਦੇਸ਼ ਦੇ ਔਰਈਆ ਤੋਂ ਹਨ ਜੋ ਇੱਥੇ ਮਜ਼ਦੂਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਗ ਕਾਰਨ ਤਿੰਨੇ ਤੰਬੂ ਅੰਦਰ ਫਸ ਗਏ ਜਦੋਂ ਕਿ ਇਕ ਮੈਂਬਰ ਨਿਤੀਨ ਭੱਜਣ ਵਿਚ ਸਫਲ ਰਿਹਾ ਅੰਦਰ ਫਸਣ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਥਿਤ ਤੌਰ ’ਤੇ ਟੈਂਟ ਨੂੰ ਰੌਸ਼ਨ ਕਰਨ ਲਈ ਕੂਲਰ ਸਟੈਂਡ ’ਤੇ ਰੱਖੇ ਡੀਜ਼ਲ ਦੇ ਇੱਕ ਛੋਟੇ ਕੰਟੇਨਰ ਦੀ ਵਰਤੋਂ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। -ਪੀਟੀਆਈ