For the best experience, open
https://m.punjabitribuneonline.com
on your mobile browser.
Advertisement

ਦਿੱਲੀ: ਕੂੜੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਧੀਆਂ

07:43 AM Dec 01, 2024 IST
ਦਿੱਲੀ  ਕੂੜੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਧੀਆਂ
ਨਵੀਂ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਮਸ਼ੀਨ ਰਾਹੀਂ ਪਾਣੀ ਦਾ ਛਿੜਕਾਅ ਕਰਦੇ ਹੋਏ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਨਵੰਬਰ
ਦਿੱਲੀ ਵਿੱਚ ਅਕਤੂਬਰ ਮਹੀਨੇ ਕੂੜੇ ਨੂੰ ਖੁੱਲ੍ਹੇਆਮ ਸਾੜਨ ਦੀਆਂ ਘਟਨਾਵਾਂ ਵਿੱਚ 38 ਫੀਸਦ ਤੱਕ ਚਿੰਤਾਜਨਕ ਵਾਧਾ ਹੋਇਆ ਹੈ। ਦਿੱਲੀ ਫਾਇਰ ਸਰਵਿਸ (ਡੀਐੱਸਐੱਫ) ਦੇ ਅੰਕੜਿਆਂ ਮੁਤਾਬਕ ਖੇਤਰਾਂ ਵਿੱਚ ਖੁੱਲ੍ਹੇ ਤੌਰ ’ਤੇ ਕੂੜੇ ਨੂੰ ਅੱਗ ਲਾਏ ਜਾਣ ਸਬੰਧੀ ਕੰਟਰੋਲ ਰੂਮ ਨੂੰ ਆਈਆਂ ਕਾਲਾਂ ਵਧੀਆਂ ਹਨ।
ਅਕਤੂਬਰ ਵਿੱਚ ਫਾਇਰ ਡਿਪਾਰਟਮੈਂਟ ਨੂੰ 662 ਕਾਲਾਂ ਆਈਆਂ ਜੋ ਕਿ 2022 ਵਿੱਚ ਇਸੇ ਮਹੀਨੇ ਵਿੱਚ 457 ਤੋਂ ਵੱਧ ਹਨ। ਇਹ ਰੁਝਾਨ ਨਵੰਬਰ ਤੱਕ ਜਾਰੀ ਰਿਹਾ। 17 ਨਵੰਬਰ ਤੱਕ 544 ਕਾਲਾਂ ਆਈਆਂ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 418 ਕਾਲਾਂ ਆਈਆਂ ਸਨ। ਇੱਕ ਫਾਇਰ ਅਫਸਰ ਨੇ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਕੂੜੇ ਨੂੰ ਸਾੜ ਕੇ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਕਈ ਵਾਰ ਇਸ ਨਾਲ ਅੱਗ ਲੱਗਣ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਫਾਇਰ ਬ੍ਰਿਗੇਡ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਦੋ ਤੋਂ ਵੱਧ ਫਾਇਰ ਟੈਂਡਰ ਭੇਜਣ ਲਈ ਮਜਬੂਰ ਹੋਣਾ ਪੈਂਦਾ ਹੈ। ਜਾਣ-ਬੁੱਝ ਕੇ ਸਾੜਨ ਦੇ ਨਾਲ-ਨਾਲ ਹੋਰ ਖ਼ਤਰੇ ਜਿਵੇਂ ਕਿ ਜਲਣ ਵਾਲੀਆਂ ਵਸਤੂਆਂ ਦਾ ਨਿਪਟਾਰਾ ਆਦਿ ਵੀ ਇਸ ਵਿੱਚ ਯੋਗਦਾਨ ਪਾਉਂਦੇ ਹਨ। ਅਧਿਕਾਰੀ ਨੇ ਕਿਹਾ ਕਿ ਵਿਭਾਗ ਨੂੰ ਜ਼ਿਆਦਾਤਰ ਕਾਲਾਂ ਛੋਟੀਆਂ ਅੱਗਾਂ ਨਾਲ ਸਬੰਧਤ ਆਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੇਰੇ ਜ਼ਿੰਮੇਵਾਰ ਬਣਨ ਅਤੇ ਕੂੜੇ ਨੂੰ ਅੱਗ ਲਗਾਉਣ ਜਾਂ ਸਿਗਰਟਾਂ ਨੂੰ ਕੂੜੇ ਦੇ ਢੇਰਾਂ ਵਿੱਚ ਸੁੱਟਣ ਤੋਂ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੂੜਾ ਸਾੜਨ ਤੋਂ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਨਾ ਸਿਰਫ਼ ਨੇੜਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ, ਸਗੋਂ ਮੌਕੇ ’ਤੇ ਬੁਲਾਏ ਗਏ ਅੱਗ ਬੁਝਾਊ ਦਸਤੇ ਲਈ ਵੀ ਗੰਭੀਰ ਸਿਹਤ ਖ਼ਤਰੇ ਪੈਦਾ ਕਰਦਾ ਹੈ। ਇਹ ਧੂੰਆਂ ਸਾਹ ਪ੍ਰਣਾਲੀ ਨੂੰ ਨੁਕਸਾਨ ਕਰ ਸਕਦਾ ਹੈ, ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਤੰਗ ਲੋਕਾਂ ਲਈ ਨੁਕਸਾਨਦੇਹ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਖੁੱਲ੍ਹੇ ਵਿੱਚ ਕੂੜਾ ਸਾੜਨਾ ਦਿੱਲੀ ਦੇ ਉੱਚ ਪੀਐਮ 2.5 ਪੱਧਰਾਂ ਦਾ ਇੱਕ ਮਹੱਤਵਪੂਰਨ ਸਥਾਨਕ ਸਰੋਤ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਵਾ ਪ੍ਰਯੋਗਸ਼ਾਲਾ ਦੇ ਸਾਬਕਾ ਮੁਖੀ ਦੀਪਾਂਕਰ ਸਾਹਾ ਨੇ ਕਿਹਾ ਕਿ ਮਿਊਂਸਿਪਲ ਠੋਸ ਰਹਿੰਦ-ਖੂੰਹਦ, ਬਾਗ਼ਬਾਨੀ ਰਹਿੰਦ-ਖੂੰਹਦ, ਲੱਕੜ ਅਤੇ ਹੋਰ ਕਬਾੜ ਨੂੰ ਸਾੜਨ ਤੋਂ ਪੈਦਾ ਧੂੰਆਂ ਖ਼ਤਰਨਾਕ ਹੁੰਦਾ ਹੈ।

Advertisement

ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਰਹੀ

ਨਵੀਂ ਦਿੱਲੀ:

Advertisement

ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਬਰਕਰਾਰ ਹੈ ਅਤੇ ਪੂਰੇ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ। ਧੁੰਦ ਰਹਿਣ ਕਾਰਨ ਕਈ ਖੇਤਰਾਂ ਵਿੱਚ ਏਕਿਊਆਈ 300 ਤੋਂ ਉੱਪਰ ਚੱਲ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਅੱਜ ਸਵੇਰੇ ਦਿੱਲੀ ਧੁੰਦ ਦੀ ਮੋਟੀ ਪਰਤ ਵਿੱਚ ਘਿਰੀ ਰਹੀ ਅਤੇ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ। ਸਵੇਰੇ 8 ਵਜੇ ਵੱਖ-ਵੱਖ ਮਾਨੀਟਰਿੰਗ ਸਟੇਸ਼ਨਾਂ ਦੇ ਏਕਿਊਆਈ ਡੇਟਾ ਨੇ ਦਿੱਲੀ ਦੀ ਹਵਾ ਦੀ ਗੁਣਵੱਤਾ ਦੀ ਖ਼ਤਰਨਾਕ ਤਸਵੀਰ ਪੇਸ਼ ਕੀਤੀ ਹੈ। ਆਨੰਦ ਵਿਹਾਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 377, ਅਸ਼ੋਕ ਵਿਹਾਰ ’ਚ ਏਕਿਊਆਈ 370 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਏਕਿਊਆਈ 334 ਦਰਜ ਕੀਤਾ ਗਿਆ। ਹੋਰ ਖੇਤਰਾਂ ਜਿਵੇਂ ਕਿ ਆਰਕੇ ਪੁਰਮ ਵਿੱਚ ਏਕਿਊਆਈ 366, ਆਈਟੀਓ ’ਚ ਏਕਿਊਆਈ 328, ਹਵਾਈ ਅੱਡਾ (ਟੀ3) ’ਚ ਏਕਿਊਆਈ 338) ਤੇ ਵਜ਼ੀਰਪੁਰ ਦਾ ਏਕਿਊਆਈ 378 ਰਿਹਾ। ਸ਼ਹਿਰ ਦੇ ਪੱਛਮੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿੱਚ ਸਥਿਤੀ ਹੋਰ ਵੀ ਖ਼ਰਾਬ ਰਹੀ। ਬਵਾਨਾ ਵਿੱਚ 405, ਮੁੰਡਕਾ ’ਚ 408, ਜਹਾਂਗੀਰਪੁਰੀ 404 ਅਤੇ ਸ਼ਾਦੀਪੁਰ ਵਿੱਚ 412 ਪੱਧਰ ਤੱਕ ਗੰਭੀਰ ਏਕਿਊਆਈ ਦਰਜ ਕੀਤਾ ਗਿਆ। ਦਿੱਲੀ ਲਈ ਏਅਰ ਕੁਆਲਿਟੀ ਅਰਲੀ ਚਿਤਾਵਨੀ ਪ੍ਰਣਾਲੀ ਅਨੁਸਾਰ, ਸ਼ੁੱਕਰਵਾਰ ਸ਼ਾਮ ਅਤੇ ਰਾਤ ਲਈ ਸੰਘਣੀ ਧੁੰਦ ਅਤੇ ਧੁੰਦ ਦਾ ਅਨੁਮਾਨ ਲਗਾਇਆ ਗਿਆ ਸੀ। ਤਾਪਮਾਨ 26 ਡਿਗਰੀ ਸੈਲਸੀਅਸ ਤੋਂ 10 ਡਿਗਰੀ ਸੈਲਸੀਅਸ ਦੇ ਆਸ ਪਾਸ ਸੀ। ਜ਼ਿਕਰਯੋਗ ਹੈ ਕਿ 0 ਅਤੇ 50 ਦੇ ਵਿਚਕਾਰ ਏਕਿਊਆਈ ਨੂੰ ‘ਚੰਗਾ’, 51-100 ਨੂੰ ‘ਤਸੱਲੀਬਖਸ਼’, 101 ਤੋਂ 200 ‘ਮੱਧਮ’, 201 ਤੋਂ 300 ਨੂੰ ‘ਮਾੜਾ’, 301 ਤੋਂ 400 ਨੂੰ ‘ਬਹੁਤ ਮਾੜਾ’, 401 ਤੋਂ 450 ਨੂੰ ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ ਪਲੱਸ’ ਮੰਨਿਆ ਜਾਂਦਾ ਹੈ।

Advertisement
Author Image

joginder kumar

View all posts

Advertisement