ਆਤਿਸ਼ੀ ਵੱਲੋਂ ਦਿੱਲੀ ਰਾਜ ਸਕੂਲ ਖੇਡਾਂ ਦਾ ਆਗਾਜ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਕਤੂਬਰ
ਮੁੱਖ ਮੰਤਰੀ ਆਤਿਸ਼ੀ ਨੇ ਅੱਜ ਛਤਰਸਾਲ ਸਟੇਡੀਅਮ ਵਿੱਚ ਦਿੱਲੀ ਰਾਜ ਸਕੂਲ ਖੇਡਾਂ 2024-25 ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਦਿੱਲੀ ਵਿੱਚ ਰਹਿਣ ਵਾਲੇ ਹਰ ਬੱਚੇ ਨੂੰ ਆਪਣੀ ਪ੍ਰਤਿਭਾ ਅਨੁਸਾਰ ਤਰੱਕੀ ਦਾ ਮੌਕਾ ਮਿਲੇ। ਭਾਵੇਂ ਪੜ੍ਹਾਈ ਹੋਵੇ ਜਾਂ ਖੇਡਾਂ। ਦਿੱਲੀ ਸਰਕਾਰ ਇਹ ਜ਼ਿੰਮੇਵਾਰੀ ਲੈਂਦੀ ਹੈ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਹਰ ਤਰ੍ਹਾਂ ਦੇ ਮੌਕੇ ਮਿਲਣ।
ਉਨ੍ਹਾਂ ਕਿਹਾ ਕਿ ਪੈਸੇ ਦੀ ਕਮੀ ਕਦੇ ਵੀ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਰੁਕਾਵਟ ਨਹੀਂ ਬਣ ਸਕਦੀ, ਇਸ ਲਈ ਦਿੱਲੀ ਸਰਕਾਰ ਨੇ ਪਲੇਅ ਐਂਡ ਪ੍ਰੋਗਰੈਸ ਐਂਡ ਮਿਸ਼ਨ ਐਕਸੀਲੈਂਸ ਸਕੀਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦਿੱਲੀ ਸਰਕਾਰ ਸਕੂਲਾਂ ਵਿੱਚ ਉਭਰਦੇ ਖਿਡਾਰੀਆਂ ਨੂੰ ਦਿੱਲੀ ਰਾਜ ਸਕੂਲ ਖੇਡਾਂ ਰਾਹੀਂ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਦਿੰਦੀ ਹੈ। ਉਨ੍ਹਾਂ ਕਿਹਾ ਕਿ ‘‘ਜਿਸ ਨੂੰ ਅਸੀਂ ਇੱਥੇ 10-15 ਮਿੰਟ ਦੀ ਖੇਡ ਮੰਨਦੇ ਹਾਂ, ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਹੈ, ਜੋ ਸ਼ਾਇਦ ਤੁਰੰਤ ਦਿਖਾਈ ਨਾ ਦੇਵੇ’’। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਖਿਡਾਰੀਆਂ ਦੀ ਸਹਾਇਤਾ ਲਈ ਯਤਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੀ ਕੋਚਿੰਗ ਅਤੇ ਸਾਜ਼ੋ-ਸਾਮਾਨ ਮਹਿੰਗਾ ਹੋ ਸਕਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਅਕਸਰ ਆਮ ਪਰਿਵਾਰਾਂ ਤੋਂ ਆਉਂਦੇ ਹਨ। ਇਸੇ ਲਈ ਸੂਬਾ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ‘ਪਲੇਅ ਐਂਡ ਪ੍ਰੋਗਰੈਸ’ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ 17 ਸਾਲ ਤੱਕ ਦੇ ਬੱਚਿਆਂ ਨੂੰ ਸਿਖਲਾਈ ਅਤੇ ਕੋਚਿੰਗ ਲਈ 3-4 ਲੱਖ ਰੁਪਏ ਦਿੱਤੇ ਜਾਂਦੇ ਹਨ ਬੱਚੇ ਰਾਸ਼ਟਰੀ ਜਾਂ
ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰ ਸਕਦੇ ਹਨ।
ਖੇਡ ਅਧਿਕਾਰੀਆਂ ਅਨੁਸਾਰ 15 ਜ਼ਿਲ੍ਹਿਆਂ ਦੇ 29 ਜ਼ੋਨਾਂ ਦੇ 3,500 ਤੋਂ ਵੱਧ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਤੌਰ ’ਤੇ ਮਾਨਤਾ ਪ੍ਰਾਪਤ ਸਕੂਲਾਂ ਨੇ ਅੰਡਰ-14, ਅੰਡਰ-17 ਅਤੇ 34 ਖੇਡਾਂ ਸਮੇਤ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਜ਼ੋਨਲ ਖੇਡ ਮੁਕਾਬਲਿਆਂ ਦੇ ਜੇਤੂ ਦਿੱਲੀ ਰਾਜ ਸਕੂਲ ਖੇਡਾਂ ਵਿੱਚ ਹਿੱਸਾ ਲੈਣਗੇ। ਅਧਿਕਾਰੀਆਂ ਅਨੁਸਾਰ ਪੈਰਾ-ਐਥਲੀਟਾਂ ਲਈ ਰਾਜ ਸਕੂਲ ਖੇਡਾਂ ਦੌਰਾਨ 34 ਖੇਡਾਂ ਦੀ ਸੂਚੀ ਵਿੱਚ ਤੈਰਾਕੀ ਤੇ ਤਾਈਕਵਾਂਡੋ ਸਣੇ ਹੋਰ 13 ਵੱਖ-ਵੱਖ ਖੇਡਾਂ ਕਰਵਾਈਆਂ ਜਾਣਗੀਆਂ।