Delhi ਟੈਂਪੂ ਵਿਚ ਅੱਗੇ ਬੈਠਣ ਨੂੰ ਲੈ ਕੇ ਪੁੱਤ ਵੱਲੋਂ ਪਿਤਾ ਦਾ ਕਤਲ
ਨਵੀਂ ਦਿੱਲੀ, 28 ਜੂਨ
ਉੱਤਰੀ ਦਿੱਲੀ ਦੇ ਤਿਮਾਰਪੁਰ ਇਲਾਕੇ ਵਿਚ 26 ਸਾਲਾ ਵਿਅਕਤੀ ਨੇ ਟੈਂਪੂ ਵਿਚ ਅਗਲੀ ਸੀਟ ’ਤੇ ਬੈਠਣ ਤੋਂ ਰੋਕਣ ਉੱਤੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱੱਤੀ। ਪੀੜਤ ਪਰਿਵਾਰ ਦਿੱਲੀ ਤੋਂ ਉੱਤਰਾਖੰਡ ਸ਼ਿਫ਼ਟ ਹੋ ਰਿਹਾ ਸੀ ਤੇ ਉਨ੍ਹਾਂ ਇਹ ਟੈਂਪੂ ਕਿਰਾਏ ’ਤੇ ਲਿਆ ਸੀ। ਪੁਲੀਸ ਨੇ ਮੁਲਜ਼ਮ ਦੀਪਕ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਅਪਰਾਧ ਲਈ ਵਰਤੀ ਬੰਦੂਕ 11 ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਕਰ ਲਈ ਹੈ। ਘਟਨਾ ਵੀਰਵਾਰ ਰਾਤ ਸਾਢੇ ਸੱਤ ਵਜੇ ਦੇ ਕਰੀਬ ਦੀ ਦੱਸੀ ਜਾਂਦੀ ਹੈ।
ਪੀੜਤ ਦੀ ਪਛਾਣ ਸੁਰਿੰਦਰ ਸਿੰਘ (60) ਵਜੋਂ ਹੋਈ ਹੈ, ਜੋ ਸੀਆਈਐੱਸਐੱਫ ਦਾ ਸੇਵਾਮੁਕਤ ਸਬ ਇੰਸਪੈਕਟਰ ਸੀ। ਪੀੜਤ ਨੂੰ HRH ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਛੇ ਮਹੀਨੇ ਪਹਿਲਾਂ ਸੀਆਈਐਸਐਫ ਤੋਂ ਸੁਰਿੰਦਰ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਪਰਿਵਾਰ ਉੱਤਰਾਖੰਡ ਵਿਚ ਆਪਣੇ ਜੱਦੀ ਪਿੰਡ ਜਾਣ ਦੀ ਤਿਆਰੀ ਕਰ ਰਿਹਾ ਸੀ। ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਟੈਂਪੂ ਕਿਰਾਏ ’ਤੇ ਲਿਆ ਸੀ ਅਤੇ ਆਪਣਾ ਸਮਾਨ ਲੱਦਿਆ ਜਾ ਰਿਹਾ ਸੀ ਜਦੋਂ ਸੁਰਿੰਦਰ ਅਤੇ ਦੀਪਕ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਕਿ ਅਗਲੀ ਸੀਟ ’ਤੇ ਕੌਣ ਬੈਠੇਗਾ।
ਪੁਲੀਸ ਸੂਤਰ ਨੇ ਦੱਸਿਆ ਕਿ ਜਦੋਂ ਸੁਰਿੰਦਰ ਨੇ ਸਾਮਾਨ ਭਰਿਆ ਹੋਣ ਕਾਰਨ ਅਗਲੀ ਸੀਟ ’ਤੇ ਬੈਠਣ ਦੀ ਜ਼ਿੱਦ ਕੀਤੀ, ਤਾਂ ਦੀਪਕ ਹਮਲਾਵਰ ਹੋ ਗਿਆ, ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਲੈ ਆਇਆ ਅਤੇ ਕਥਿਤ ਤੌਰ ’ਤੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ। -ਪੀਟੀਆਈ