ਦਿੱਲੀ ਦੰਗੇ: ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਸੀਬੀਆਈ ਦੀ ਅਪੀਲ ਪ੍ਰਵਾਨ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਹੱਤਿਆ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਹੋਰਾਂ ਨੂੰ ਬਰੀ ਕਰਨ ਖ਼ਿਲਾਫ਼ ਸੀਬੀਆਈ ਦੀ ਇੱਕ ਅਪੀਲ ਸਵੀਕਾਰ ਕਰ ਲਈ ਹੈ। ਜਸਟਿਸ ਪ੍ਰਤਿਭਾ ਐੱਮ ਸਿੰਘ ਅਤੇ ਅਮਿਤ ਸ਼ਰਮਾ ਦੇ ਬੈਂਚ ਨੇ 21 ਅਕਤੂਬਰ ਨੂੰ ਜਾਰੀ ਕੀਤੇ ਆਦੇਸ਼ ਵਿੱਚ ਜਾਂਚ ਏਜੰਸੀ ਨੂੰ ਹੇਠਲੀ ਅਦਾਲਤ ਦੇ 20 ਸਤੰਬਰ, 2023 ਦੇ ਹੁਕਮ ਖ਼ਿਲਾਫ਼ ‘ਅਪੀਲ ਦੀ ਇਜਾਜ਼ਤ’ ਦਿੱਤੀ ਹੈ ਅਤੇ ਮਾਮਲੇ ’ਤੇ ਅਗਲੀ ਸੁਣਵਾਈ ਦਸੰਬਰ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ‘ਅਪੀਲ ਦੀ ਇਜਾਜ਼ਤ’ ਕਿਸੇ ਅਦਾਲਤ ਵੱਲੋਂ ਕਿਸੇ ਇੱਕ ਧਿਰ ਨੂੰ ਉੱਚ ਅਦਾਲਤ ਵਿੱਚ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਦਿੱਤੀ ਗਈ ਰਸਮੀ ਇਜਾਜ਼ਤ ਹੈ। ਅਦਾਲਤ ਨੇ ਹੁਕਮਾਂ ਵਿੱਚ ਕਿਹਾ, ‘‘ਇਸ ਅਦਾਲਤ ਦੀ ਰਾਇ ਅਨੁਸਾਰ ਸੀਬੀਆਈ ਨੂੰ ਅਪੀਲ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਅਪੀਲ ਸਵੀਕਾਰ ਕੀਤੀ ਜਾਂਦੀ ਹੈ।’’ ਅਦਾਲਤ ਨੇ ਮਾਮਲੇ ਵਿੱਚ ਬਰੀ ਕਰਨ ਦੇ ਆਦੇਸ਼ ਖ਼ਿਲਾਫ਼ ਪੀੜਤਾ ਸ਼ੀਲਾ ਕੌਰ ਦੀ ਅਪੀਲ ਵੀ ਸਵੀਕਾਰ ਕਰ ਲਈ ਅਤੇ ਅਥਾਰਿਟੀ ਨੂੰ ਮੌਜੂਦਾ ਮੁਲਜ਼ਮਾਂ ਖ਼ਿਲਾਫ਼ 1984 ਦੇ ਦੰਗਿਆਂ ਸਬੰਧੀ ਕਿਸੇ ਵੀ ਹੋਰ ਅਪੀਲ ’ਤੇ ਇੱਕ ਹੋਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ 20 ਸਤੰਬਰ, 2023 ਨੂੰ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰਦਿਆਂ ਉਸ ਨੂੰ ‘ਸ਼ੱਕ ਦਾ ਲਾਭ’ ਦਿੱਤਾ ਸੀ ਅਤੇ ਕਿਹਾ ਸੀ ਕਿ ਇਸਤਗਾਸਾ ਪੱਖ ‘ਮੁਲਜ਼ਮਾਂ ਖ਼ਿਲਾਫ਼ ਸ਼ੱਕ ਤੋਂ ਪਰ੍ਹੇ ਦੋਸ਼ ਸਾਬਿਤ ਕਰਨ ਵਿੱਚ ਨਾਕਾਮ ਰਿਹਾ।’ ਹੇਠਲੀ ਅਦਾਲਤ ਨੇ ਦੋ ਹੋਰ ਮੁਲਜ਼ਮਾਂ ਵੇਦ ਪ੍ਰਕਾਸ਼ ਪਿਯਾਲ ਅਤੇ ਬ੍ਰਹਮਾਨੰਦ ਗੁਪਤਾ ਨੂੰ ਵੀ ਬਰੀ ਕਰਦਿਆਂ ਕਿਹਾ ਸੀ ਕਿ ਇਸਤਗਾਸਾ ਪੱਖ ਉਨ੍ਹਾਂ ਖ਼ਿਲਾਫ਼ ਹੱਤਿਆ ਅਤੇ ਦੰਗਾ ਕਰਨ ਦੇ ਦੋਸ਼ ਸਾਬਤ ਕਰਨ ਵਿੱਚ ਅਸਫ਼ਲ ਰਿਹਾ ਹੈ। -ਪੀਟੀਆਈ