For the best experience, open
https://m.punjabitribuneonline.com
on your mobile browser.
Advertisement

ਮੀਂਹ ਨਾਲ ਦਿੱਲੀ ਵਾਸੀਆਂ ਨੂੰ ਹੁੰਮਸ ਤੋਂ ਰਾਹਤ ਮਿਲੀ

09:02 AM Jul 26, 2024 IST
ਮੀਂਹ ਨਾਲ ਦਿੱਲੀ ਵਾਸੀਆਂ ਨੂੰ ਹੁੰਮਸ ਤੋਂ ਰਾਹਤ ਮਿਲੀ
ਨਵੀਂ ਦਿੱਲੀ ਦੇ ਜੰਗਪੁਰਾ ਇਲਾਕੇ ’ਚ ਵਰ੍ਹਦੇ ਮੀਂਹ ਦੌਰਾਨ ਸਾਈਕਲ ’ਤੇ ਜਾਂਦਾ ਹੋਇਆ ਇੱਕ ਵਿਅਕਤੀ। -ਫੋਟੋ:ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੁਲਾਈ
ਕੌਮੀ ਰਾਜਧਾਨੀ ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਪਏ ਮੀਂਹ ਨਾਲ ਲੋਕਾਂ ਨੂੰ ਨਮੀ ਵਾਲੇ ਮੌਸਮ ਤੋਂ ਰਾਹਤ ਮਿਲੀ ਹੈ। ਉਥੇ ਹੀ ਦੂਜੇ ਪਾਸੇ ਮੀਂਹ ਨਾਲ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਨੇ ਆਵਾਜਾਈ ਨੂੰ ‘ਬਰੇਕਾਂ’ ਲਗਾ ਦਿੱਤੀਆਂ। ਜਾਣਕਾਰੀ ਅਨੁਸਾਰ ਦਿੱਲੀ ਦੇ ਪ੍ਰਮਾਣਿਕ ਮੌਸਮ ਕੇਂਦਰ ਸਫਦਰਜੰਗ ਵਿੱਚ ਸਵੇਰੇ 5.30 ਵਜੇ ਤੱਕ 10.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਤਾਪਮਾਨ ਦੇ ਇਹ ਅੰਕੜੇ ਆਮ ਹਾਲਾਤਾਂ ਵਾਲੇ ਹਨ। ਸਵੇਰੇ 8.30 ਵਜੇ ਹਵਾ ਵਿੱਚ ਹੁੰਮਸ ਅਤੇ ਨਮੀ ਦੀ ਮਾਤਰਾ 100 ਫ਼ੀਸਦ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਦਾ ਇਹ ਦੌਰ 28 ਜੁਲਾਈ ਤੱਕ ਚੱਲੇਗਾ। ਅੱਜ ਮੌਸਮ ਵਿਭਾਗ ਵੱਲੋਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ।
ਉਥੇ ਹੀ ਅੱਜ ਪਏ ਮੀਂਹ ਨਾਲ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਕਈ ਥਾਵਾਂ ’ਤੇ ਪਾਣੀ ਵਿੱਚੋਂ ਦੀ ਲੰਘ ਕੇ ਆਪਣੀਆਂ ਮੰਜ਼ਿਲਾਂ ਤੈਅ ਕਰਨੀਆਂ ਪਈਆਂ। ਇਸ ਕਾਰਨ ਲਾਜਪਤ ਨਗਰ ਅਤੇ ਆਈਟੀਓ ਵਿੱਚ ਲੋਕ ਜੂਝਦੇ ਦੇਖੇ ਗਏ।
ਫਰੀਦਾਬਾਦ (ਪੱਤਰ ਪ੍ਰੇਰਕ): ਮੀਂਹ ਦਾ ਅਸਰ ਐੱਨਸੀਆਰ ਦੇ ਵੱਖ-ਵੱਖ ਖੇਤਰਾਂ ਤੱਕ ਵੀ ਦੇਖਿਆ ਗਿਆ। ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਸੋਨੀਪਤ ਅਤੇ ਪਲਬਲ ਵਿੱਚ ਮੀਂਹ ਨੇ ਦਸਤਕ ਦਿੱਤੀ। ਇਨ੍ਹਾਂ ਦਿਹਾਤੀ ਖੇਤਰਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ ਮੀਂਹ ਕਾਰਨ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਨਾਲ ਅਧਿਕਾਰੀਆਂ ਨੇ ਨਦੀ ਦੇ ਕਿਨਾਰੇ ਸਥਿਤ ਨੋਇਡਾ ਦੇ ਪਿੰਡਾਂ ਦੇ ਵਾਸੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਉਥੇ ਹੀ ਮੀਂਹ ਪੈਣ ਤੋਂ ਕਿਸਾਨ ਬਾਗੋਬਾਗ ਹਨ। ਕਿਸਾਨਾਂ ਨੇ ਮੀਂਹ ਦੇ ਦਿਨਾਂ ਵਿੱਚ ਝੋਨਾ ਲਾਉਣਾ ਤੇਜ਼ ਕਰ ਦਿੱਤਾ ਹੈ। ਦੂਜੇ ਪਾਸੇ ਟਿਕਵਾਂ ਮੀਹ ਪੈਣ ਕਰ ਕੇ ਇਸ ਵਾਰ ਸਬਜ਼ੀਆਂ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਐੱਨਸੀਆਰ ਦੇ ਦਿਹਾਤੀ ਇਲਾਕਿਆਂ ਵਿੱਚ ਜ਼ਿਆਦਾਤਰ ਝੋਨੇ ਅਤੇ ਕਣਕ ਦੀ ਹੀ ਖੇਤੀ ਕੀਤੀ ਜਾਂਦੀ ਹੈ। ਦਿੱਲੀ ਦੇ ਨੇੜਲੇ ਦਿਹਾਤੀ ਇਲਾਕਿਆਂ ਵਿੱਚ ਕਿਸਾਨ ਸਬਜ਼ੀ ਅਤੇ ਫੁੱਲ ਦੀ ਖੇਤੀ ਕਰਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×