Delhi Pollution: ਕੌਮੀ ਰਾਜਧਾਨੀ ਵਿੱਚ ਪੰਜਾਹ ਦਿਨਾਂ ਬਾਅਦ ਮੌਸਮ ਹੋਇਆ ਸਾਫ
ਨਵੀਂ ਦਿੱਲੀ, 4 ਦਸੰਬਰ
Delhi breathes easy after 50 days, AQI in 'moderate' category: ਕੌਮੀ ਰਾਜਧਾਨੀ ਦੇ ਲੋਕਾਂ ਨੇ ਅੱਜ 50 ਦਿਨਾਂ ਦੇ ਵਕਫ਼ੇ ਤੋਂ ਬਾਅਦ ਕੁਝ ਹੱਦ ਤਕ ਸਵੱਛ ਹਵਾ ਦਾ ਆਨੰਦ ਮਾਣਿਆ। ਦਿੱਲੀ ਵਿਚ ਹਵਾ ਪ੍ਰਦੂਸ਼ਣ ਅੱਜ ਬਹੁਤ ਖਰਾਬ ਵਰਗ ਤੋਂ ਬਾਹਰ ਆ ਗਿਆ ਹੈ। ਇੱਥੇ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਾਮ ਚਾਰ ਵਜੇ 178 ਦਰਜ ਕੀਤਾ ਗਿਆ ਜੋ ਇਕ ਦਿਨ ਪਹਿਲਾਂ 268 ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਕੌਮੀ ਰਾਜਧਾਨੀ ਵਿਚ ਕਈ ਥਾਵਾਂ ’ਤੇ ਪ੍ਰਦੂਸ਼ਣ ਦਾ ਪੱਧਰ ਚਾਰ ਤੋਂ ਪੰਜ ਸੌ ਦਰਮਿਆਨ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਦੇ ਵਾਸੀਆਂ ਨੂੰ 15 ਅਕਤੂਬਰ ਨੂੰ ਵੀ ਪ੍ਰਦੂਸ਼ਣ ਤੋਂ ਰਾਹਤ ਮਿਲੀ ਸੀ, ਉਸ ਵੇਲੇ ਏਕਿਊਆਈ 198 ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲਣ ਚੱਲੀਆਂ ਤੇ 7 ਦਸੰਬਰ ਤੱਕ ਹਵਾਵਾਂ ਚੱਲਣਗੀਆਂ ਕਿਉਂਕਿ ਨਵੀਂ ਪੱਛਮੀ ਗੜਬੜੀ ਦੀ ਸੰਭਾਵਨਾ ਹੈ, ਇਸ ਨਾਲ 8 ਦਸੰਬਰ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਇੱਥੋਂ ਦੇ 38 ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਾਂ ਵਿੱਚੋਂ ਸਿਰਫ਼ ਸ੍ਰੀ ਅਰਬਿੰਦੋ ਮਾਰਗ ’ਤੇ ਪ੍ਰਦੂਸ਼ਣ ਜ਼ਿਆਦਾ ਰਿਹਾ।
ਇਸ ਤੋਂ ਪਹਿਲਾਂ ਦੇਸ਼ ਦੀ ਸਰਵਉਚ ਅਦਾਲਤ ਨੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿਚ ਨਾਕਾਮ ਰਹਿਣ ’ਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀ ਖਿਚਾਈ ਕੀਤੀ ਸੀ ਜਿਸ ਤੋਂ ਬਾਅਦ ਇਸ ਕਮਿਸ਼ਨ ਨੇ ਦਿੱਲੀ ਪੁਲੀਸ ਤੇ ਨਗਰ ਨਿਗਮ ’ਤੇ ਸਖਤੀ ਕੀਤੀ ਸੀ। ਸੁਪਰੀਮ ਕੋਰਟ ਨੇ ਹਵਾ ਦਾ ਮਿਆਰ ਕਾਇਮ ਰੱਖਣ ਵਾਲੀ ਬਾਡੀ ਨੂੰ ਗਰੈਪ-4 ਤਹਿਤ ਲਾਈਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਨਾ ਕਰਨ ਲਈ ਜ਼ਿੰਮੇਵਾਰ ਦਿੱਲੀ ਸਰਕਾਰ ਅਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ ਸੀ। ਅਦਾਲਤ ਦੇ ਬੈਂਚ ਨੇ ਕਿਹਾ ਕਿ ਹੁਕਮਾਂ ਦੇ ਬਾਵਜੂਦ ਦਿੱਲੀ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੁਲੀਸ ਵਾਲੇ ਤਾਇਨਾਤ ਨਹੀਂ ਕੀਤੇ ਗਏ ਤੇ ਡੀਜ਼ਲ ਵਾਲੇ ਵਾਹਨ ਰਾਜਧਾਨੀ ਵਿਚ ਦਾਖਲ ਹੋ ਰਹੇ ਹਨ ਜਿਸ ਤੋਂ ਬਾਅਦ ਸਖਤੀ ਕੀਤੀ ਗਈ ਤੇ ਇਸ ਦਾ ਅਸਰ ਅੱਜ ਪੰਜਾਹ ਦਿਨਾਂ ਬਾਅਦ ਦੇਖਣ ਨੂੰ ਮਿਲਿਆ ਹੈ।