🔴Live Delhi Polls Results: ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਹੜੇ ਪ੍ਰਮੁੱਖ ਆਗੂ ਅੱਗੇ ਅਤੇ ਕਿਹੜੇ ਪਿੱਛੇ
ਨਵੀਂ ਦਿੱਲੀ, 8 ਫਰਵਰੀ
04:45 ਵਜੇ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕਰਦਿਆਂ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 38 ਸੀਟਾਂ ਜਿੱਤੀ ਲਈਆਂ ਹਨ।
ਇਸ ਤੋਂ ਇਲਾਵਾ ਭਗਵਾ ਪਾਰਟੀ 10 ਹੋਰ ਸੀਟਾਂ 'ਤੇ ਗਿਣਤੀ ਵਿਚ ਅੱਗੇ ਵੀ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ 17 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ। ਪਾਰਟੀ ਪੰਜ ਹੋਰ 'ਤੇ ਅੱਗੇ ਹੈ। ਕਾਂਗਰਸ ਦਾ ਵੀ ਦਿੱਲੀ ਚੋਣਾਂ ਵਿਚ ਬੁਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
03:00 ਵਜੇ: ਭਾਜਪਾ 26 ਸਾਲਾਂ ਤੋਂ ਵੱਧ ਸਮੇਂ ਬਾਅਦ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ, ਚੋਣ ਕਮਿਸ਼ਨ ਦੇ ਤਾਜ਼ਾ ਰੁਝਾਨਾਂ ਦੇ ਨਾਲ ਭਗਵਾ ਪਾਰਟੀ 70 ਵਿਧਾਨ ਸਭਾ ਸੀਟਾਂ ਵਿੱਚੋਂ 47 ਸੀਟਾਂ ’ਤੇ ਅੱਗੇ ਹੈ, ਜਦੋਂ ਕਿ 'ਆਪ' 23 ਸੀਟਾਂ 'ਤੇ ਅੱਗੇ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਭਾਜਪਾ ਦੇ ਪਰਵੇਸ਼ ਵਰਮਾ ਤੋਂ ਹਾਰ ਗਏ ਹਨ। ਮਨੀਸ਼ ਸਿਸੋਦੀਆ ਨੇ ਵੀ ਆਪਣੀ ਹਾਰ ਨੂੰ ਸਵਿਕਾਰ ਕੀਤਾ ਹੈ। ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਲੀ ਕੈਂਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਰਿੰਦਰ ਸਿੰਘ ਕਾਦੀਆਂ 2029 ਵੋਟਾਂ ਨਾਲ ਜਿੱਤੇ ਹਨ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਰਮੇਸ਼ ਬਿਧੂੜੀ ਨੂੰ 3,521 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।
12:00 ਵਜੇ: ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕਾਲਕਾਜੀ ’ਚ ਮੁੱਖ ਮੰਤਰੀ ਅਤੇ 'ਆਪ' ਉਮੀਦਵਾਰ ਆਤਿਸ਼ੀ ਭਾਜਪਾ ਦੇ ਰਮੇਸ਼ ਬਿਧੂੜੀ ਤੋਂ 3,231 ਵੋਟਾਂ ਨਾਲ ਪਿੱਛੇ ਹਨ। ਭਾਜਪਾ ਦੇ ਮੋਹਨ ਸਿੰਘ ਬਿਸ਼ਟ ਮੁਸਤਫਾਬਾਦ ਵਿੱਚ ਸਭ ਤੋਂ ਵੱਧ 40,598 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਸਨ, ਜਿੱਥੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਨੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਦੋਸ਼ੀ ਤਾਹਿਰ ਹੁਸੈਨ ਨੂੰ ਮੈਦਾਨ ਵਿੱਚ ਉਤਾਰਿਆ ਸੀ। ਓਖਲਾ 'ਚ 'ਆਪ' ਦੇ ਅਮਾਨਤੁੱਲਾ ਖਾਨ 9,518 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
'ਆਪ' ਦੇ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ 'ਚ 2,039 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਜਦਕਿ ਦਿੱਲੀ ਕੈਬਨਿਟ ’ਚ ਉਨ੍ਹਾਂ ਦੇ ਸਹਿਯੋਗੀ ਗੋਪਾਲ ਰਾਏ ਬਾਬਰਪੁਰ 'ਚ 25,105 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਮਿਸ਼ਰਾ 23,352 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਤਿਲਕ ਰਾਮ ਗੁਪਤਾ ਤ੍ਰਿਨਗਰ ਸੀਟ ਤੋਂ 8,557 ਵੋਟਾਂ ਦੇ ਫਰਕ ਨਾਲ ਅੱਗੇ ਹਨ। ਬੱਲੀਮਾਰਨ 'ਚ 'ਆਪ' ਦੇ ਇਮਰਾਨ ਹੁਸੈਨ 19,326 ਨਾਲ ਅੱਗੇ ਚੱਲ ਰਹੇ ਹਨ।
ਬਿਜਵਾਸਨ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਅੱਗੇ ਚੱਲ ਰਹੇ ਹਨ, ਜਦਕਿ 'ਆਪ' ਦੇ ਸੁਰੇਂਦਰ ਭਾਰਦਵਾਜ ਪਿੱਛੇ ਚੱਲ ਰਹੇ ਹਨ। ਗ੍ਰੇਟਰ ਕੈਲਾਸ਼ 'ਚ 'ਆਪ' ਉਮੀਦਵਾਰ ਸੌਰਭ ਭਾਰਦਵਾਜ ਲੀਡ 'ਤੇ ਸਨ, ਜਦਕਿ ਭਾਜਪਾ ਦੀ ਸ਼ਿਖਾ ਰਾਏ ਪਿੱਛੇ ਚੱਲ ਰਹੀ ਸੀ। ਇਸ ਤੋਂ ਇਲਾਵਾ ਆਰਕੇ ਪੁਰਮ ਤੋਂ ਭਾਜਪਾ ਉਮੀਦਵਾਰ ਅਨਿਲ ਕੁਮਾਰ ਅਤੇ ਦਿੱਲੀ ਕੈਂਟ ਤੋਂ ਭਾਜਪਾ ਉਮੀਦਵਾਰ ਭੁਵਨ ਤੰਵਰ ਵੀ ਆਪੋ-ਆਪਣੇ ਹਲਕਿਆਂ ਤੋਂ ਅੱਗੇ ਚੱਲ ਰਹੇ ਹਨ। ਮੁੱਖ ਮੰਤਰੀ ਆਤਿਸ਼ੀ ਪਿੱਛੇ ਚੱਲ ਰਹੇ ਹਨ। ਮੁਸਤਫ਼ਾਬਾਦ ਵਿੱਚ ਭਾਜਪਾ ਆਗੂ 31000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਿਨ੍ਹਾਂ ਦੀ ਜਿੱਤ ਲੱਗਭੱਗ ਤੈਅ ਮੰਨੀ ਜਾ ਰਹੀ ਹੈ।
ਐਗਜ਼ਿਟ ਪੋਲ ਨੇ 27 ਸਾਲਾਂ ਬਾਅਦ ਦਿੱਲੀ ਵਿੱਚ ਭਾਜਪਾ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਕਾਂਗਰਸ ਨੂੰ ਵੱਧ ਤੋਂ ਵੱਧ 0-3 ਸੀਟਾਂ ਮਿਲਣ ਦਾ ਅਨੁਮਾਨ ਹੈ। ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਲਈ ਆਸਾਨ ਜਿੱਤ ਦਾ ਅੰਦਾਜ਼ਾ ਲਗਾਇਆ ਹੈ, ਜਦੋਂ ਕਿ ਮੌਜੂਦਾ 'ਆਪ' ਹੈਟ੍ਰਿਕ ਹਾਸਲ ਕਰਨ ਤੋਂ ਪਿੱਛੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਗਜ਼ਿਟ ਪੋਲ ਨੇ ਕਾਂਗਰਸ ਲਈ ਇਕ ਹੋਰ ਹਾਰ ਦਾ ਸੰਕੇਤ ਦਿੱਤਾ ਹੈ। ਆਈਏਐੱਨਐੱਸ
ਸ਼ੁਰੂਆਤੀ ਰੁਝਾਨਾਂ ਨੂੰ ਦੇਖਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਤਨਜ਼ ਕਸਦਿਆਂ ‘ਐਕਸ’ ’ਤੇ ਮੀਮ ਟਵੀਟ ਕੀਤਾ ਜਿਸ ਵਿੱਚ ਕਿਹਾ ਗਿਆ ਕਿ ‘ਔਰ ਲੜੋ ਆਪਸ ਮੇਂ‘। ਉਨ੍ਹਾਂ ਅਸਿੱਧੇ ਤੌਰ ’ਤੇ ਕਾਂਗਰਸ ਅਤੇ ‘ਆਪ’ ਨੂੰ ਕਿਹਾ ਕਿ ਵੱਖੋ ਵੱਖਰੇ ਤੌਰ ’ਤੇ ਚੋਣ ਲੜਨ ਕਾਰਨ ਇਹ ਰੁਝਾਨ ਸਾਹਮਣੇ ਆ ਰਹੇ ਹਨ।