Delhi Polls: 'ਫਿਰ ਲਾਏਂਗੇ ਕੇਜਰੀਵਾਲ' - AAP ਮੁਖੀ ਨੇ ਦਿੱਲੀ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਗੀਤ ਜਾਰੀ ਕੀਤਾ
ਨਵੀਂ ਦਿੱਲੀ, 7 ਜਨਵਰੀ
ਆਮ ਆਦਮੀ ਪਾਰਟੀ (ਆਪ) ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਗੀਤ ਜਾਰੀ ਕੀਤਾ। ਗ਼ੌਰਤਲਬ ਹੈ ਕਿ ਅੱਜ ਹੀ ਚੋਣ ਕਮਿਸ਼ਨ ਵੱਲੋਂ ਦਿੱਲੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।
‘ਫਿਰ ਲਾਏਂਗੇ ਕੇਜਰੀਵਾਲ’ ਸਿਰਲੇਖ ਵਾਲਾ ਇਹ 3:29 ਮਿੰਟ ਦਾ ਗੀਤ ‘ਆਪ’ ਦੀ ਦਿੱਲੀ ਸਰਕਾਰ ਦੇ ਕਾਰਜਕਾਲ ਦੌਰਾਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਾ ਹੈ। ਇਹ ਵੋਟਰਾਂ ਦੇ ਦਿਲ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸਨ ਦੀ ਲਗਾਤਾਰਤਾ ਦੀ ਅਹਿਮਅਤ ਨੂੰ ਉਭਾਰਿਆ ਗਿਆ ਹੈ।
ਗੀਤ ਜਾਰੀ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ, "ਅਸੀਂ ਆਪਣੀਆਂ ਚੋਣਾਂ ਨੂੰ ਤਿਉਹਾਰਾਂ ਵਾਂਗ ਲੈਂਦੇ ਹਾਂ ਅਤੇ ਲੋਕ ਸਾਡੇ ਗੀਤ ਦਾ ਇੰਤਜ਼ਾਰ ਕਰਦੇ ਹਨ; ਹੁਣ ਇਹ ਜਾਰੀ ਹੋ ਗਿਆ ਹੈ ਅਤੇ ਲੋਕ ਇਸ 'ਤੇ ਨੱਚ ਸਕਦੇ ਹਨ।"
ਭਾਜਪਾ 'ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ, "ਮੈਂ ਜਾਣਦਾ ਹਾਂ ਕਿ ਭਾਜਪਾ ਦੇ ਆਗੂਆਂ ਨੂੰ ਵੀ ਸਾਡਾ ਇਹ ਗੀਤ ਪਸੰਦ ਆਵੇਗਾ।; ਉਹ ਵੀ ਆਪਣੇ ਕਮਰਿਆਂ ਦੇ ਅੰਦਰ ਸਾਡੇ ਗੀਤ 'ਤੇ ਨੱਚ ਸਕਦੇ ਹਨ।" ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਅਤਿਸ਼ੀ ਅਤੇ ਹੋਰ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ, ਗੋਪਾਲ ਰਾਏ ਅਤੇ ਸੰਜੇ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।
ਇਹ ਪ੍ਰਚਾਰ ਗੀਤ ਜਾਰੀ ਕਰ ਕੇ ‘ਆਪ’ ਨੇ ਇਕ ਹੋਰ ਮਾਮਲੇ ਵਿਚ ਆਪਣੀਆਂ ਮੁੱਖ ਵਿਰੋਧੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਪਾਰਟੀ ਪਹਿਲਾਂ ਹੀ ਦਿੱਲੀ ਵਿਧਾਨ ਸਭਾ ਦੇ ਸਾਰੇ 70 ਹਲਕਿਆਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਚੁੱਕੀ ਹੈ ਕਿਉਂਕਿ ਪਾਰਟੀ ਲਗਾਤਾਰ ਤੀਜੀ ਵਾਰ ਦਿੱਲੀ ਦੀ ਸੱਤਾ ਸੰਭਾਲਣ ਦੀਆਂ ਕੋਸ਼ਿਸ਼ਾਂ ਵਿਚ ਜ਼ੋਰ-ਸ਼ੋਰ ਨਾਲ ਜੁਟੀ ਹੋਈ ਹੈ। ਪੀਟੀਆਈ