Delhi polls: ‘ਆਪ’ ਨੂੰ ਪੰਜਾਬ ਚੋਣਾਂ ਵਿੱਚ ਖ਼ਾਲਿਸਤਾਨੀ ਤੱਤਾਂ ਦਾ ਸਮਰਥਨ ਮਿਲਿਆ: ਅਨੁਰਾਗ ਠਾਕੁਰ
ਨਵੀਂ ਦਿੱਲੀ, 23 ਦਸੰਬਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਠਾਕੁਰ ਨੇ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ‘ਦੋਸ਼ ਪੱਤਰ’ ਜਾਰੀ ਕੀਤਾ, ਜਿਸ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ’ਤੇ ਰਾਜਧਾਨੀ ਨੂੰ ‘ਘੁਟਾਲਿਆਂ ਰਾਹੀਂ ਭ੍ਰਿਸ਼ਟਾਚਾਰ ਦੀ ਪ੍ਰਯੋਗਸ਼ਾਲਾ’ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੂੰ ਪੰਜਾਬ ਚੋਣਾਂ ਵਿੱਚ ਖ਼ਾਲਿਸਤਾਨੀ ਤੱਤਾਂ ਦਾ ਸਮਰਥਨ ਮਿਲਿਆ ਸੀ।
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਦਿੱਲੀ ਇਕਾਈ ਨੇ ਇਕ ‘ਦੋਸ਼ ਪੱਤਰ ਕਮੇਟੀ’ ਬਣਾਈ ਸੀ, ਜਿਸ ਨੇ ਸੱਤਾਧਾਰੀ ਧਿਰ ‘ਆਪ’ ਦੇ ਵਿਧਾਇਕਾਂ ਦੀਆਂ ਕਥਿਤ ਅਸਫ਼ਲਤਾਵਾਂ ਗਿਣਾਉਂਦੇ ਹੋਏ ਵਿਸਥਾਰ ਵਿੱਚ ਰਿਪੋਰਟ ਜਾਰੀ ਕੀਤੀ ਹੈ। ਠਾਕੁਰ ਨੇ ਦੋਸ਼ ਲਾਇਆ, ‘‘ਇਹ ਕਿਵੇਂ ਦੀ ਪਾਰਟੀ ਹੈ ਜੋ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਪਰ ਸ਼ਰਾਬ ਨੀਤੀ, ਦਿੱਲੀ ਜਲ ਬੋਰਡ, ਡੀਟੀਸੀ ਤੇ ਵਕਫ ਬੋਰਡ ਨਾਲ ਜੁੜੇ ਅੱਠ ਤੋਂ ਨੌਂ ਘੁਟਾਲਿਆਂ ਵਿੱਚ ਸ਼ਾਮਲ ਰਹੀ।’’ ਉਨ੍ਹਾਂ ਨਾਅਰਾ ਦਿੱਤਾ, ‘‘ਘੁਟਾਲੇ ’ਤੇ ਘੁਟਾਲਾ, ਕੇਜਰੀਵਾਲ ਨੇ ਬਣਾਇਆ ਦਿੱਲੀ ਨੂੰ ਭ੍ਰਿਸ਼ਟਾਚਾਰ ਦੀ ਪ੍ਰਯੋਗਸ਼ਾਲਾ।’’
ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਦੀ ਸੱਤਾ ਤੋਂ ‘ਆਪ’ ਨੂੰ ਹਟਾ ਕੇ ਰਹੇਗੀ। ਸਾਬਕਾ ਕੇਂਦਰੀ ਮੰਤਰੀ ਨੇ ਦਿੱਲੀ ਵਿੱਚ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੀ ‘ਆਪ’ ਅਤੇ ਕੇਜਰੀਵਾਲ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਪਾਰਟੀ ਨਵੇਂ ਮੁਹੱਲਾ ਕਲੀਨਿਕ ਤੇ ਹਸਪਤਾਲ ਖੋਲ੍ਹਣ ਵਿੱਚ ਅਸਫ਼ਲ ਰਹੀ ਅਤੇ ਉਸ ਨੇ ਸ਼ਹਿਰ ਦੇ ਸਿਹਤ ਢਾਂਚੇ ਨੂੰ ਵਧਾਉਣ ਲਈ ਕੇਂਦਰ ਦੇ ਧਨ ਦਾ ਇਸਤੇਮਾਲ ਨਹੀਂ ਕੀਤਾ। ਠਾਕੁਰ ਨੇ ਦੋਸ਼ ਲਾਇਆ ਕਿ ਹਵਾ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਕਨਾਟ ਪਲੇਸ ਵਿੱਚ ਲਾਇਆ ਗਿਆ ‘ਸਮੌਗ ਟਾਵਰ’ ਬੇਕਾਰ ਪਿਆ ਹੈ, ਪਰ ‘ਆਪ’ ਸਰਕਾਰ ਨੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ। ਉਨ੍ਹਾਂ ਸੱਤਾਧਾਰੀ ਧਿਰ ‘ਆਪ’ ਨੂੰ ਘੇਰਨ ਲਈ ਦਿੱਲੀ ਵਿੱਚ ਪਾਣੀ ਦੀ ਘਾਟ, ਸਫ਼ਾਈ ਦੀ ਘਾਟ, ਖ਼ਰਾਬ ਸੜਕਾਂ ਅਤੇ ਹੋਰ ਕੁਝ ਮੁੱਦਿਆਂ ਦਾ ਜ਼ਿਕਰ ਕੀਤਾ।
ਠਾਕੁਰੇ ਨੇ ਇਹ ਦੋਸ਼ ਵੀ ਲਾਇਆ ਕਿ ‘ਆਪ’ ਰਾਸ਼ਟਰ ਵਿਰੋਧੀ ਤਾਕਤਾਂ ਦਾ ਸਮਰਥਨ ਕਰ ਰਹੀ ਹੈ ਅਤੇ ਕੇਜਰੀਵਾਲ ਨੇ ਭਾਰਤ ਵੱਲੋਂ ਕੀਤੇ ਗਏ ‘ਸਰਜੀਕਲ ਸਟ੍ਰਾਈਕ’ ਉੱਤੇ ਸਵਾਲ ਖੜ੍ਹਾ ਕੀਤਾ ਸੀ। -ਪੀਟੀਆਈ